ਸਿਹਤ ਸੁਰੱਖਿਆ ਦੇ ਤੌਰ 'ਤੇ ਬੱਚੇ ਦੇ ਪਹਿਲੇ ਇਕ ਹਜ਼ਾਰ ਦਿਨ ਮਹੱਤਵਪੂਰਨ : ਸਿਵਲ ਸਰਜਨ
- “ਬਾਲ ਮੌਤ ਸਮੀਖਿਆ” (ਸੀ.ਡੀ.ਆਰ.) ਵਿਸ਼ੇ ’ਤੇ ਜ਼ਿਲ੍ਹਾ ਪੱਧਰੀ ਦੋ ਦਿਨਾ ਟ੍ਰੇਨਿੰਗ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 19 ਮਾਰਚ 2024 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ “ਬਾਲ ਮੌਤ ਸਮੀਖਿਆ” (ਸੀ.ਡੀ.ਆਰ.) ਵਿਸ਼ੇ ਉੱਤੇ ਦੋ ਦਿਨਾ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਸ਼ੁਰੂ ਹੋ ਗਈ ਹੈ, ਜਿਸ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰਾਂ ਨੇ ਭਾਗ ਲਿਆ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਬਲਾਕ ਮੈਡੀਕਲ ਅਫਸਰਾਂ ਅਤੇ ਫੈਸੀਲਿਟੀ ਮੈਡੀਕਲ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਜ਼ੀਰੋ ਤੋਂ ਪੰਜ ਸਾਲ ਦੇ ਹਰ ਬੱਚੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਮੰਤਵ ਨਾਲ ਬਾਲ ਮੌਤ ਸਮੀਖਿਆ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਸਿਹਤ ਸੰਸਥਾਵਾਂ ਵਿੱਚ ਮਾਵਾਂ ਦੀ ਸਿਹਤ ਲਈ ਉਪਲੱਬਧ ਸੇਵਾਵਾਂ ਵਿੱਚ ਤੁਰੰਤ ਸਮੱਸਿਆ ਦੀ ਪਛਾਣ ਕਰਨਾ ਅਤੇ ਹੱਲ ਕਰਨਾ ਹੈ। ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਰਾਸ਼ਟਰੀ ਸਿਹਤ ਮਿਸ਼ਨ ਦੇ ਪ੍ਰਮੁੱਖ ਟੀਚਿਆਂ ਵਿੱਚੋਂ ਇੱਕ ਹੈ। ਇਹ ਮੰਨਿਆ ਜਾਂਦਾ ਹੈ ਕਿ ਦੇਸ਼ ਭਰ ਵਿੱਚ ਜ਼ਿਆਦਾਤਰ ਬਾਲ ਮੌਤਾਂ ਨੂੰ ਰੋਕਣਾ ਸੰਭਵ ਹੈ, ਇਸ ਲਈ ਬੱਚਿਆਂ ਦੀ ਮੌਤ ਦੀ ਸਮੀਖਿਆ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਇੱਕ ਤੰਤਰ ਕਾਇਮ ਕੀਤਾ ਗਿਆ ਹੈ, ਜਿਸ ਤਹਿਤ ਹਰ ਬਾਲ ਮੌਤ ਦੀ ਰਿਪੋਰਟ ਕੀਤੀ ਜਾਂਦੀ ਹੈ ਅਤੇ ਸੁਧਾਰਾਤਮਕ ਕਾਰਵਾਈ ਲਈ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਂਦੀ ਹੈ। ਬੱਚੇ ਦੀ ਮੌਤ ਦੇ ਕਾਰਨਾਂ ਦੀ ਜਾਂਚ ਤੋਂ ਬਾਅਦ ਜੋ ਵੀ ਕਾਰਨ ਸਾਹਮਣੇ ਆਉਂਦੇ ਹਨ, ਉਨ੍ਹਾਂ ਕਾਰਨਾਂ ਨੂੰ ਦੂਰ ਕਰਕੇ ਸਿਹਤ ਪ੍ਰਣਾਲੀ ਵਿੱਚ ਸਕਾਰਾਤਮਕ ਅਤੇ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਹਤ ਸੁਰੱਖਿਆ ਦੇ ਤੌਰ 'ਤੇ ਬੱਚੇ ਦੇ ਪਹਿਲੇ ਇਕ ਹਜ਼ਾਰ ਦਿਨ ਬੇਹੱਦ ਮਹੱਤਵਪੂਰਨ ਹੁੰਦੇ ਹਨ, ਇਸ ਲਈ ਇਸ ਸਮੇਂ ਦੌਰਾਨ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੁੁੰਦਾ ਹੈ।
ਇਸ ਮੌਕੇ ਬੱਚਿਆਂ ਦੇ ਮਾਹਰ ਡਾ ਜੈਸਮੀਨ ਚੀਮਾ ਨੇ ਕਿਹਾ ਕਿ ਭਾਵੇਂ ਬੱਚੇ ਦੀ ਮੌਤ ਘਰ ਵਿਚ ਹੋਵੇ, ਫੈਸੀਲਿਟੀ ਵਿਚ ਹੋਵੇ ਜਾਂ ਟਰਾਂਸਿਟ ਦੌਰਾਨ ਹੋਵੇ, ਇਨ੍ਹਾਂ ਸਾਰੀਆਂ ਮੌਤਾਂ 'ਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ।
ਡਾ ਜੈਸਮੀਨ ਚੀਮਾ ਨੇੇ ਬੱਚਿਆਂ ਦੀਆਂ ਬਿਮਾਰੀਆਂ, ਖਤਰੇ ਦੇ ਚਿੰਨ੍ਹ, ਲੱਛਣ, ਕਾਰਨ ਅਤੇ ਇਸ ਤੋਂ ਬਚਾਅ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ। ਉਨ੍ਹਾਂ ਬੱਚਿਆਂ ਦੀ ਜਨਮ ਤੋਂ ਤੁਰੰਤ ਬਾਅਦ ਸਾਂਭ-ਸੰਭਾਲ ਕਰਨ ਆਦਿ ਬਾਰੇ ਜਾਣਕਾਰੀ ਵੀ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।