NIA ਦੀ ਟੀਮ ਨੇ ਅਦਾਲਤੀ ਹੁਕਮਾਂ ਤੇ ਅੱਤਵਾਦੀ ਗੁਰਵਿੰਦਰ ਸਿੰਘ ਉਰਫ ਬਾਬਾ ਦੀ ਜਾਇਦਾਦ ਕੁਰਕ ਕੀਤੀ
- ਹੱਥਗੋਲੇ,ਆਰਡੀਐਕਸ ਅਤੇ ਹੈਰੋਇਨ ਸਮੇਤ ਫੜਿਆ ਗਿਆ ਗੁਰਵਿੰਦਰ ਸਿੰਘ ਬਾਬਾ ਬਹੁਤ ਚਰਚਿਤ ਕਾਮਰੇਡ ਬਲਵਿੰਦਰ ਸਿੰਘ ਕਤਲਕਾਂਡ ਵਿੱਚ ਵੀ ਹੈ ਨਾਮਜਦ
ਰਿਪੋਰਟਰ- ਰੋਹਿਤ ਗੁਪਤਾ
ਗੁਰਦਾਸਪੁਰ, 19 ਮਾਰਚ 2024 - ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਗੁਰਦਾਸਪੁਰ ਦੇ ਪਿੰਡ ਪੀਰਬਾਗ ਵਿਖੇ ਗੁਰਦਾਸਪੁਰ ਨਾਲ ਸਬੰਧਤ ਅੱਤਵਾਦੀ ਗੁਰਵਿੰਦਰ ਸਿੰਘ ਉਰਫ਼ ਬਾਬਾ ਦੀ ਜਾਇਦਾਦ ਕੁਰਕ ਕੀਤੀ।ਐਨ.ਆਈ.ਏ. ਦੀ ਟੀਮ ਨੇ ਗੁਰਵਿੰਦਰ ਸਿੰਘ ਉਰਫ਼ ਬਾਬਾ ਪੁੱਤਰ ਗੁਰਮੀਤ ਸਿੰਘ ਬਾਰੇ ਸਪੈਸ਼ਲ ਐਨ.ਆਈ.ਏ.ਕੋਰਟ ਮੋਹਾਲੀ ਵਲੋਂ 14-3-24 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਉਸਦੀ ਪਿੰਡ ਪੀਰਾਬਾਗ ਅਤੇ ਪਿੰਡ ਸਲੇਮਪੁਰ ਅਰਾਈਆਂ ਵਿੱਚ 9 ਮਰਲੇ ਜ਼ਮੀਨ, 2 ਕਨਾਲ 7 ਮਰਲੇ ਜ਼ਮੀਨ ਕੁਰਕ ਕਰਨ ਦੀ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਵੱਲੋਂ ਇਹ ਕਾਰਵਾਈ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਵਿੱਚ ਕੀਤੀ ਗਈ ਹੈ।ਐਨਆਈਏ ਨੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਵਿੱਚ ਗੁਰਵਿੰਦਰ ਸਿੰਘ ਉਰਫ਼ ਬਾਬਾ ਨੂੰ ਨਾਮਜ਼ਦ ਕੀਤਾ ਸੀ।
ਅਕਤੂਬਰ 2020 ਵਿੱਚ, ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ਵਿੱਚ ਉਸਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਕੇਸ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ।
ਗੁਰਵਿੰਦਰ ਬਾਬਾ ’ਤੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਹੈਰੀ ਚੱਠਾ ਅਤੇ ਸੁੱਖ ਬਿਖਾਰੀਵਾਲ ਦਾ ਸਾਥੀ ਹੋਣ ਦਾ ਦੋਸ਼ ਸੀ ਅਤੇ ਉਸ ਨੇ ਗੋਲੀ ਚਲਾਉਣ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਦੱਸਿਆ ਗਿਆ ਸੀ ਕਿ ਉਸ ਦੀ ਬਲਵਿੰਦਰ ਸਿੰਘ ਸੰਧੂ ਦੇ ਕਤਲ ਵਿੱਚ ਅਹਿਮ ਭੂਮਿਕਾ ਸੀ ਇਸ ਲਈ ਪੰਜਾਬ ਪੁਲਿਸ ਨੇ ਗੁਰਵਿੰਦਰ ਸਿੰਘ ਉਰਫ ਬਾਬਾ ਅਤੇ ਉਸਦੇ ਦੋ ਸਾਥੀਆਂ ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 9 ਅਗਸਤ 2022 ਨੂੰ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਉਰਫ ਸੰਧੂ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਉਸ ਦੀ ਨਿਸ਼ਾਨਦੇਹੀ ਤੇ ਇੱਕ ਖੇਤ ਵਿੱਚੋਂ ਆਰਡੀਐਕਸ, ਆਈਈਡੀ, ਹੈਂਡ ਗ੍ਰੇਨੇਡ, 37 ਲੱਖ ਰੁਪਏ, 634 ਗ੍ਰਾਮ ਹੈਰੋਇਨ, ਬੰਦੇ ਨ ਕੁਝ ਹੋਰ ਹਥਿਆਰ ਅਤੇ ਲੱਖਾਂ ਰੁਪਏ ਬਰਾਮਦ ਕੀਤੇ ਗਏ ਹਨ।ਉਦੋਂ ਤੋਂ ਹੀ ਐਨਆਈਏ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।