ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿੱਚ ਤਿੰਨ ਰੋਜ਼ਾ ਵਰਕਸ਼ਾਪ ਦਾ ਆਗਾਜ਼
ਪਟਿਆਲਾ, 19 ਮਾਰਚ 2024 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ 'ਸਕ੍ਰਿਪਟਿੰਗ ਐਂਡ ਵਾਇਸ ਮੋਡਿਊਲੇਸ਼ਨ ਇਨ ਇਲੈਕਟ੍ਰੋਨਿਕ ਮੀਡੀਆ' ਵਿਸ਼ੇ ਉੱਤੇ ਤਿੰਨ ਰੋਜ਼ਾ ਵਰਕਸ਼ਾਪ ਦਾ ਆਗਾਜ਼ ਹੋ ਗਿਆ ਹੈ।
ਵਰਕਸ਼ਾਪ ਦੇ ਪਹਿਲੇ ਦਿਨ ਦਿੱਲੀ ਤੋਂ ਮਾਹਿਰ ਵਜੋਂ ਥਿਏਟਰ ਕਲਾਕਾਰ ਅਤੇ ਰੇਡੀਉ ਅਨਾਊਂਸਰ ਵਿਜੈ ਸਿੰਘ ਪਹੁੰਚੇ। ਉਨ੍ਹਾਂ ਵਿਦਿਆਰਥੀਆਂ ਨਾਲ਼ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕ ਮੀਡੀਆ ਵਿੱਚ ਸ਼ਬਦਾਂ ਦੇ ਸਹੀ ਉਚਾਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਹਰੇਕ ਸ਼ਖਸ ਦੀ ਅਵਾਜ਼ ਵਿਲੱਖਣ ਹੈ, ਸਿਰਫ਼ ਮਿਹਨਤ ਕਰਨ ਦੀ ਲੋੜ ਹੁੰਦੀ ਹੈ।
ਉਨ੍ਹਾਂ ਇਲੈਕਟ੍ਰੋਨਿਕ ਮੀਡੀਆ ਖਾਸ ਤੌਰ ਉੱਤੇ ਰੇਡੀਉ ਅਤੇ ਟੀਵੀ ਲਈ ਸਕ੍ਰਿਪਟ ਲਿਖਣ ਲਈ ਨੁਕਤੇ ਵੀ ਸਾਂਝੇ ਕੀਤੇ। ਇਸ ਤੋਂ ਬਾਅਦ ਸ਼੍ਰੀ ਵਿਜੈ ਸਿੰਘ ਨੇ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਲਿਖੀਆਂ ਗਈਆਂ ਰੇਡੀਓ ਡਰਾਮੇ ਦੀਆਂ ਸਕ੍ਰਿਪਟਾਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਦੇ ਨੁਕਤੇ ਵੀ ਦੱਸੇ।
ਆਖ਼ਿਰ 'ਚ ਵਿਭਾਗ ਦੇ ਮੁਖੀ ਡਾ. ਨੈਨਸੀ ਦਵਿੰਦਰ ਕੌਰ ਨੇ ਸ਼੍ਰੀ ਵਿਜੈ ਸਿੰਘ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਵਰਕਸ਼ਾਪ ਦੇ ਅਗਲੇ ਦੋ ਦਿਨਾਂ ਵਿੱਚ ਟੀਵੀ ਨਿਊਜ਼ ਐਂਕਰਿੰਗ ਅਤੇ ਵਾਇਸ ਓਵਰ ਦੀਆਂ ਬਰੀਕੀਆਂ ਬਾਰੇ ਮਾਹਿਰ ਸਿਖਲਾਈ ਦੇਣਗੇ।