ਪਤਨੀ ਦੇ ਪ੍ਰੇਮ ਸੰਬੰਧਾਂ ਤੋਂ ਦੁਖੀ ਹੋ ਕੇ ਪਤੀ ਨੇ ਨਿਕਲਿਆ ਜ਼ਹਿਰ, ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 27 ਮਾਰਚ 2024- ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਸੰਬੰਧਾਂ ਤੋਂ ਦੁਖੀ ਹੋ ਕੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਗਈ। ਬੇਹੋਸ਼ੀ ਦੀ ਹਾਲਤ ਵਿੱਚ ਇਸ ਵਿਅਕਤੀ ਨੂੰ ਨਹਿਰ ਕਿਨਾਰੇ ਪਾਇਆ ਗਿਆ ਤਾਂ ਘਰ ਵਾਲੇ ਉਸ ਨੂੰ ਇੱਕ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਡਾਕਟਰ ਨੇ ਉਸ ਨੂ ਮ੍ਰਿਤ ਐਲਾਨ ਦਿੱਤਾ। ਸਬੰਧਤ ਥਾਣਾ ਕਾਨੂਵਾਨ ਦੀ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੀ ਪਤਨੀ ਅਤੇ ਉਸਦੇ ਕਥਤ ਪ੍ਰੇਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਤਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਹਨੂੰਵਾਂਨ ਨੇ ਦੱਸਿਆ ਹੈ ਕਿ ਉਸ ਦੇ ਭਰਾ ਲਖਵਿੰਦਰ ਸਿੰਘ ਜਿਸ ਦੀ ਉਮਰ ਕਰੀਬ 35 ਸਾਲ ਸੀ, ਦੀ ਸ਼ਾਦੀ ਸਾਲ 2016 ਵਿੱਚ ਅਮਨਦੀਪ ਕੌਰ ਵਾਸੀ ਨਾਥਪੁਰ ਥਾਣਾ ਕਾਦੀਆਂ ਨਾਲ ਹੋਈ ਸੀ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਨੇ ਦੋਸ਼ ਲਗਾਇਆ ਕਿ ਲਖਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਦਾ ਚਾਲ ਚੱਲਣ ਠੀਕ ਨਹੀ ਸੀ ਤੇ ਉਸਦੇ ਮਨਜੀਤ ਸਿੰਘ ਵਾਸੀ ਬਗੋਲ ਨਾਲ ਸਬੰਧ ਸਨ ਅਤੇ ਇਹਨਾਂ ਸੰਬੰਧਾਂ ਬਾਰੇ ਮ੍ਰਿਤਕ ਲਖਵਿੰਦਰ ਸਿੰਘ ਨੂੰ ਪਤਾ ਲੱਗ ਗਿਆ ਸੀ ਪਰ ਬਾਰ-ਬਾਰ ਸਮਝਾਉਣ ਦੇ ਬਾਵਜੂਦ ਉਸ ਦੀ ਪਤਨੀ ਬਾਜ ਨਹੀਂ ਆ ਰਹੀ ਸੀ ਜਿਨਾਂ ਤੋ ਤੰਗ ਆ ਕੇ ਉਸ ਦੇ ਭਰਾ ਲਖਵਿੰਦਰ ਸਿੰਘ ਨੇ ਕੋਈ ਜਹਿਰੀਲੀ ਦਵਾਈ ਖਾ ਲਈ। ਜਿਸਦੀ ਅਬਰੋਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਥਾਣਾ ਕਾਹਨੂੰਵਾਨ ਦੇ ਐਸ ਐਚ ਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ਤੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਕਥਤ ਪ੍ਰੇਮੀ ਖਿਲਾਫ ਦਫਾ 306 ਅਤੇ 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।