ਜ਼ਿਲ੍ਹਾ ਚੋਣ ਅਫਸਰ ਨੇ ਦਫ਼ਤਰ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ ਦਾ ਕੀਤਾ ਅਚਨਚੇਤ ਦਾ ਦੌਰਾ
- ਡਾ ਪੱਲਵੀ ਨੇ ਸਿਕਾਇਤ ਸੈਲ, ਸੀ.ਵੀਜਲ ਸੈਲ,ਵੀ.ਐਸ.ਟੀ,ਐਮ.ਸੀ.ਸੀ.,ਐਮ.ਸੀ.ਐਮ.ਸੀ,ਐਫ.ਐਸ.ਟੀ, ਐਸ.ਐਸ.ਟੀ.ਆਦਿ ਦੇ ਨੋਡਲ ਅਫ਼ਸਰਾਂ ਤੋਂ ਕਾਰਜਪ੍ਰਣਾਲੀ ਸਬੰਧੀ ਲਈ ਜਾਇਜਾ ਅਤੇ ਪ੍ਰਗਟਾਈ ਤਸੱਲੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 28 ਮਾਰਚ :2024 - ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਸਬੰਧੀ ਦਫ਼ਤਰ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਦਾ ਅਚਨਚੇਤ ਦੌਰਾ ਕੀਤਾ ਅਤੇ ਦਫ਼ਤਰ ਵਿਖੇ ਚੋਣਾਂ ਸਬੰਧੀ ਸਥਾਪਿਤ ਕੀਤੇ ਗਏ ਵੱਖ ਵੱਖ ਸੈਲਾਂ ਦੀ ਕਾਰਜਪ੍ਰਣਾਲੀ ਦੇਖਣ ਉਪਰੰਤ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸਾਸ਼ਨ ਵਚਨਬੱਧ ਹੈ। ਇਸ ਲਈ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ਦੀ ਅਵਾਮ ਬੇਖੋਫ ਹੋ ਕੇ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਕਰ ਸਕੇ । ਇਸ ਲਈ ਜ਼ਿਲ੍ਹਾ ਪੱਧਰ , ਅਸੈਂਬਲੀ ਸੈਗਮੈਂਟ ਪੱਧਰ ਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਵੱਖ ਵੱਖ ਸੈਲ ਸਥਾਪਿਤ ਕੀਤੇ ਗਏ ਹਨ ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਲਈ ਦਿੱਤੇ ਗਏ ਨਾਅਰੇ "ਇਸ ਵਾਰ 70 ਪਾਰ" ਨੂੰ ਹਕੀਕਤੀ ਰੂਪ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨਾਲ ਸਾਡੇ ਲੋਕਤੰਤਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਇਸ ਮੌਕੇ ਵੱਖ ਵੱਖ ਚੋਣ ਸੈਲਾਂ ਦਾ ਦੋਰਾਂ ਕਰਦਿਆ ਉਨ੍ਹਾਂ ਸਬੰਧਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਇੰਨ ਬਿਨ ਕਰਨ ਨੂੰ ਯਕੀਨੀ ਬਣਾਇਆ ਜਾਵੇ । ਚੋਣ ਅਮਲੇ ਨੂੰ ਪ੍ਰੇਰਿਤ ਕਰਦਿਆ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ । ਉਨ੍ਹਾਂ ਇਸ ਮੌਕੇ ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਵਿਖੇ ਸਥਾਪਿਤ ਸਿਕਾਇਤ ਸੈਲ, ਸੀ.ਵੀਜਲ ਸੈਲ,ਵੀ.ਐਸ.ਟੀ,ਐਮ.ਸੀ.ਸੀ.,ਐਮ.ਸੀ.ਐਮ.ਸੀ,ਐਫ.ਐਸ.ਟੀ, ਐਸ.ਐਸ.ਟੀ.ਆਦਿ ਦੇ ਨੋਡਲ ਅਫ਼ਸਰਾਂ ਤੋਂ ਕਾਰਜ ਪ੍ਰਣਾਲੀ ਸਬੰਧੀ ਜਾਇਜਾ ਲਿਆ ਅਤੇ ਉਨ੍ਹਾਂ ਵਲੋ ਕੀਤੇ ਜਾ ਰਹੇ ਕੰਮਾਂ ਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਕਮ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀਮਤੀ ਅਪਰਨਾ ਐਮ.ਬੀ. ਵੀ ਮੌਜੂਦ ਸਨ ।