ਕਾਂਗਰਸ ਤੇ ਭਾਜਪਾ ਦੀਆਂ ਨੀਤੀਆਂ 'ਚ ਕੋਈ ਫ਼ਰਕ ਨਹੀਂ : ਐਨ. ਕੇ. ਸ਼ਰਮਾ
- ਡਹਿਰ ’ਚ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ
32 ਸਾਲਾਂ ਦੀ ਰਾਜਨੀਤੀ ਵਿੱਚ ਕਦੇ ਵੀ ਨਹੀਂ ਕੀਤਾ ਦਲ-ਬਦਲ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਅਪ੍ਰੈਲ 2024: ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਨੀਤੀਆਂ ਇੱਕ ਸਮਾਨ ਹਨ। ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਆਂ ਦੀ ਆਪਣੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹਰ ਵਰਗ ਦੇ ਹਿੱਤ ਵਿੱਚ ਫੈਸਲੇ ਲਏ ਹਨ। ਐਨ. ਕੇ. ਸ਼ਰਮਾ ਅੱਜ ਨੇੜਲੇ ਪਿੰਡ ਡੈਹਰ ਵਿੱਚ ਸਾਬਕਾ ਸਰਪੰਚ ਤੇਜਾ ਸਿੰਘ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਾਬਕਾ ਸਰਪੰਚ ਤੇਜਾ ਸਿੰਘ ਆਪਣੇ ਦਰਜਨਾਂ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਐਨ.ਕੇ. ਸ਼ਰਮਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਾਬਕਾ ਸਰਪੰਚ ਤੇਜਾ ਸਿੰਘ ਤੋਂ ਇਲਾਵਾ ਗੁਰਚਰਨ ਸਿੰਘ, ਕੁਲਦੀਪ ਸਿੰਘ, ਰਾਮ ਸਿੰਘ, ਮੇਹਰ ਸਿੰਘ, ਬਲਵੀਰ ਸਿੰਘ, ਜਗਤਾਰ ਸਿੰਘ, ਪਵਨ ਕੁਮਾਰ, ਰੌਣਕੀ ਰਾਮ, ਵਿਸ਼ਨੂੰ ਸੈਣੀ, ਮਨਿੰਦਰ ਸਿੰਘ, ਲਵਿੰਦਰ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਗੁਰਮੇਲ ਸਿੰਘ, ਰਾਮ ਸਿੰਘ ਅਤੇ ਕਈ ਹੋਰਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੀ ਪਟਿਆਲਾ ਲੋਕ ਸਭਾ ਹਲਕੇ ਸਮੇਤ ਸਮੁੱਚੇ ਪੰਜਾਬ ਦਾ ਵਿਕਾਸ ਹੋਇਆ ਸੀ। ਸ਼ਰਮਾ ਨੇ ਕਿਹਾ ਕਿ ਉਹ ਪਿਛਲੇ 32 ਸਾਲਾਂ ਤੋਂ ਅਕਾਲੀ ਦਲ ਵਿੱਚ ਹਨ। ਉਨ੍ਹਾਂ ਨੇ ਕਦੇ ਦਲਬਦਲ ਨਹੀਂ ਕੀਤਾ।
ਅੱਜ ਇੱਥੇ ਚੋਣ ਲੜਾਈ ਵਿੱਚ ਕਾਂਗਰਸ ਅਤੇ ਭਾਜਪਾ ਨੇ ਦਲ-ਬਦਲੂਆਂ ਨੂੰ ਟਿਕਟਾਂ ਦਿੱਤੀਆਂ ਹਨ। ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੀ ਉਮੀਦਵਾਰ 20 ਸਾਲ ਇੱਥੋਂ ਦੀ ਸੰਸਦ ਮੈਂਬਰ ਰਹੀ ਪਰ ਚੋਣ ਜਿੱਤਣ ਤੋਂ ਬਾਅਦ ਉਸ ਨੇ ਕਦੇ ਹਲਕਾ ਵਾਸੀਆਂ ਦੀ ਸਾਰ ਤੱਕ ਨਹੀਂ ਲਈ। ਸ੍ਰੀ ਸ਼ਰਮਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੰਮ ਦੇਖ ਕੇ ਹੀ ਲੋਕ ਸਭਾ ਦੇ ਉਮੀਦਵਾਰ ਨੂੰ ਵੋਟ ਪਾਉਣ। ਮੌਕਾਪ੍ਰਸਤ ਸਿਆਸਤ ਕਰਨ ਵਾਲੇ ਕਦੇ ਵੀ ਜਨਤਾ ਦਾ ਭਲਾ ਨਹੀਂ ਕਰ ਸਕਦੇ।