ਕਣਕ ਨੂੰ ਅੱਗ ਲੱਗਣ ਤੋਂ ਭੜਕੇ ਕਿਸਾਨਾਂ ਨੇ ਘੇਰਿਆ ਦਿਹਾਤੀ ਹਲਕਾ ਇੰਚਾਰਜ ਜਤਿੰਦਰ ਭੱਲਾ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2024:ਪਿੰਡ ਘੁੱਦਾ ਵਿਖੇ ਬਿਜ਼ਲੀ ਦੀਆਂ ਤਾਰਾਂ ਵਿੱਚੋਂ ਚੰਗਿਆੜੀ ਨਿਕਲਣ ਕਾਰਨ ਵੱਡੀ ਗਿਣਤੀ ਕਿਸਾਨਾਂ ਦੀ ਕਣਕ ਸੜਨ ਤੋਂ ਭੜਕੇ ਪਿੰਡ ਵਾਸੀਆਂ ਨੇ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਭੱਲਾ ਦਾ ਘਰਾਓ ਕਰ ਲਿਆ ਜੋ ਆਖਰੀ ਖਬਰਾਂ ਲਿਖੇ ਜਾਣ ਤੱਕ ਜਾਰੀ ਸੀ। ਪੁੱਤਾਂ ਵਾਂਗੂ ਪਾਲੀ ਕਣਕ ਸੜ ਜਾਣ ਕਾਰਨ ਕਿਸਾਨ ਇੰਨੇ ਜਿਆਦਾ ਰੋਹ ਵਿੱਚ ਸਨ ਕਿ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਪੁਲਿਸ ਕੇਸ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਜਤਿੰਦਰ ਭੱਲਾ ਨੂੰ ਜਾਣ ਨਹੀਂ ਦੇਣਗੇ। ਜਿਵੇਂ ਜਿਵੇਂ ਸਮਾਂ ਲੱਗਦਾ ਜਾ ਰਿਹਾ ਸੀ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਹਾਲਾਤ ਤਣਾਅਪੂਰਨ ਬਣ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਬਾਅਦ ਦੁਪਹਿਰ ਲੱਗੀ ਜਿਸ ਨੂੰ ਬੁਝਾਉਣ ਲਈ ਪਿੰਡ ਘੁੱਦਾ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਪਹੁੰਚੇ। ਕਿਸਾਨਾਂ ਵੱਲੋਂ ਦਰੱਖਤਾਂ ਦੀਆਂ ਢਾਣੀਆਂ ਅਤੇ ਟ੍ਰੈਕਟਰ ਨਾਲ ਅੱਗੇ ਜ਼ਮੀਨ ਵਾਹ ਕੇ ਅੱਗ ਤੇ ਕਾਬੂ ਪਾਉਣ ਦਾ ਬਹੁਤ ਯਤਨ ਕੀਤਾ ਪ੍ਰੰਤੂ ਹਵਾਂ ਤੇਜ਼ ਹੋਣ ਅੱਗ ਬੇਕਾਬੂ ਹੋ ਰਹੀ ਸੀ। ਅੱਗ ਬੁਝਾਉਣ ਲਈ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਪਹੁੰਚੇ ਪ੍ਰੰਤੂ ਅੱਗ ਦੀਆਂ ਲਪਟਾਂ ਸਾਹਮਣੇ ਉਹ ਵੀ ਬੇਬੱਸ ਨਜ਼ਰ ਆਏ।ਦੁਖੀ ਕਿਸਾਨਾਂ ਵੱਲੋਂ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਤੇ ਇੰਮਪਰੂਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਦਾ ਘਿਰਾਓ ਕਰ ਲਿਆ।ਕਿਸਾਨਾਂ ਦਾ ਕਹਿਣਾ ਸੀ ਕਿ ਜਿੰਨ੍ਹਾਂ ਸਮਾਂ ਬਿਜ਼ਲੀ ਦੀ ਸਪਲਾਈ ਛੱਡਣ ਵਾਲੇ ਪਾਵਰਕਾਮ ਦੇ ਅਧਿਕਾਰੀਆਂ ਤੇ ਮਾਮਲਾ ਨਹੀਂ ਦਰਜ਼ ਕੀਤਾ ਜਾਂਦਾ ਉਨ੍ਹਾਂ ਸਮਾਂ ਜਤਿੰਦਰ ਭੱਲਾ ਦਾ ਘਿਰਾਓ ਜਾਰੀ ਰਹੇਗਾ।
ਜਾਣਕਾਰੀ ਅਨੁਸਾਰ ਖ੍ਰੀਦ ਕੇਂਦਰ ਨਜ਼ਦੀਕ ਰੋਹੀ ਵਾਲੇ ਰਾਹ ਕੋਲ ਪਾਵਰਕਾਮ ਵਿਭਾਗ ਵੱਲੋਂ ਸਵਿੱਚ ਲਗਾਈ ਗਈ ਹੈ। ਬਾਅਦ ਦੁਪਹਿਰ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਜਦ ਬਿਜ਼ਲੀ ਚਾਲੂ ਕਰਨ ਲਈ ਸਵਿੱਚ ਲਗਾਈ ਤਾਂ ਤਾਰਾਂ ਢਿੱਲੀਆਂ ਹੋਣ ਕਾਰਨ ਸਪਾਰਕ ਹੋ ਗਿਆ ਤੇ ਵੇਖਦੇ ਹੀ ਵੇਖਦੇ ਹੇਠਾ ਖੜ੍ਹੀ ਕਣਕ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ’ਚ ਪਿੰਡ ਦੇ ਕਿਸਾਨਾਂ ਤੋਂ ਇਲਾਵਾ ਨੇੜਲੇ ਦੂਸਰੇ ਪਿੰਡਾਂ ਦੇ ਕਿਸਾਨ ਵੀ ਅੱਗ ਤੇ ਕਾਬੂ ਪਾਉਣ ਲਈ ਪਹੁੰਚੇ। ਕਿਸਾਨਾਂ ਵੱਲੋਂ ਦਰੱਖਤਾਂ ਦੀਆਂ ਟਹਿਣੀਆਂ ਅਤੇ ਟ੍ਰੈਕਟਰਾਂ ਨਾਲ ਅੱਗੋ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ ਪ੍ਰੰਤੂ ਹਵਾਂ ਤੇਜ਼ ਹੋਣ ਕਾਰਨ ਅੱਗ ਬੇਕਾਬੂ ਤੋਂ ਬਾਹਰ ਹੋ ਗਈ।
ਅੱਗ ਤੇ ਕਾਬੂ ਪਾਉਣ ਲਈ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਪਹੁੰਚੇ ਪ੍ਰੰਤੂ ਕਿਸੇ ਦੀ ਵੀ ਵੱਸ ਨਹੀਂ ਚੱਲ ਰਹੀ ਸੀ। ਅੱਗ ਨੇ ਕਿਸਾਨ ਹਰਦੇਵ ਸਿੰਘ ਪੁੱਤਰ ਕਰਤਾਰ ਸਿੰਘ, ਜਸਪਾਲ ਸਿੰਘ ਪੁੱਤਰ ਜੀਤ ਸਿੰਘ, ਜਗਦੀਸ਼ ਸਿੰਘ ਪੁੱਤਰ ਸ਼ੇਰ ਸਿੰਘ, ਬਲਰਾਜ ਸਿੰਘ ਪੁੱਤਰ ਅਜੀਤ ਸਿੰਘ ਅਤੇ ਬਹਾਦਰ ਸਿੰਘ ਪੁੱਤਰ ਲਾਲ ਸਿੰਘ ਜਿੰਨ੍ਹਾਂ ਕੋਲ ਪੰਚਾਇਤੀ ਜ਼ਮੀਨ ਠੇਕੇ ਤੇ ਹੈ ਸਮੇਤ ਦੂਸਰੇ ਕਈ ਹੋਰ ਕਿਸਾਨਾਂ ਦੀ 80 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ।ਕਿਸਾਨ ਹਰਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਕੰਬਾਇਨ ਤੋਂ ਕਣਕ ਵਡਾਉਣ ਲਈ ਖ਼ੇਤ ਦੇ ਚਾਰੇ ਪਾਸੇ ਬੱਲੀਆਂ ਕੱਟ ਰਹੇ ਸਨ, ਤਦ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਸਾਹਮਣੇ ਬਿਜ਼ਲੀ ਚਾਲੂ ਕਰਨ ਲਈ ਸਵਿੱਚ ਲਗਾਈ ਤੇ ਸਪਾਰਕ ਹੋਣ ਕਾਰਨ ਕਣਕ ਨੂੰ ਅੱਗ ਲੱਗ ਗਈ।
ਪਹਿਲਾਂ ਗੜੇਮਾਰੀ ਅਤੇ ਹੁਣ ਅੱਗ
ਦੱਸਣਾ ਬਣਦਾ ਹੈ ਕਿ ਲਗਭਗ ਡੇਢ ਮਹੀਨਾ ਪਹਿਲਾ ਇਸ ਪਿੰਡ ’ਚ ਭਾਰੀ ਗੜ੍ਹੇਮਾਰੀ ਹੋਈ ਸੀ ਜਿਸ ਕਾਰਨ ਕਿਸਾਨਾਂ ਦੀ ਪੱਕਣ ਕਿਨਾਰੇ ਖੜ੍ਹੀ ਕਣਕ ਅਤੇ ਸਰ੍ਹੋਂ ਦਾ ਭਾਰੀ ਨੁਕਸਾਨ ਕਰ ਦਿੱਤਾ ਸੀ। ਕਈ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਦੇ ਖਾਣ ਲਈ ਦਾਣੇ ਵੀ ਨਹੀਂ ਬਚੇ। ਉਸ ਸਮੇਂ ਬਠਿੰਡਾ ਦਿਹਾਤੀ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਤੋਂ ਪੂਰਾ ਮੁਆਵਜ਼ਾ ਦਵਾਉਣਗੇ ਪ੍ਰੰਤੂ ਹਾਲੇ ਤੱਕ ਪਿੰਡ ਦੇ ਕਿਸੇ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਪਾਵਰਕਾਮ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਹੁਣ ਫਿਰ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ।ਦੇਰ ਸ਼ਾਮ ਤੱਕ ਗੱਲ ਕਿਸੇ ਤਣ ਪੱਤਣ ਨਾ ਲੱਗਣ ਕਾਰਨ ਕਿਸਾਨਾਂ ਵੱਲੋਂ ਚੇਅਰਮੈਨ ਜਤਿੰਦਰ ਭੱਲਾ ਦਾ ਘਿਰਾਓ ਕੀਤਾ ਹੋਇਆ ਸੀ।