ਪੰਥ, ਪੰਜਾਬ ਅਤੇ ਘੱਟਗਿਣਤੀਆਂ ਦੇ ਮੁੱਦਿਆਂ ਦੇ ਨਾਲ-ਨਾਲ ਕਿਰਦਾਰ ਤੇ ਇਮਾਨਦਾਰੀ ਨੂੰ ਧਿਆਨ ਵਿਚ ਰੱਖ ਕੇ ਵੋਟ ਪਾਉਣ ਸੰਗਰੂਰ ਹਲਕੇ ਦੇ ਲੋਕ: ਇਕਬਾਲ ਝੂੰਦਾਂ
- ਸ਼ੇਰਗੜ੍ਹ ਚੀਮਾ ਵਿਖੇ ਵੱਡੇ ਇਕੱਠ ਨੂੰ ਕੀਤਾ ਸੰਬੋਧਨ, 55 ਪਿੰਡਾਂ ਵਿਚੋਂ ਪਹੁੰਚੇ ਮੋਹਤਬਰ ਲੋਕ ਤੇ ਅਕਾਲੀ ਦਲ ਦੇ ਵਰਕਰ
- ਜੇ ਘੱਟਗਿਣਤੀਆਂ ਨੇ ਅਪਣੀ ਹੋਂਦ ਬਚਾਉਣੀ ਹੈ ਤਾਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ : ਜ਼ਾਹਿਦਾ ਸੁਲੇਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਕਰੋਟਲਾ 19 ਅਪ੍ਰੈਲ ,2024 - ਇਥੋਂ ਥੋੜੀ ਦੂਰ ਸਥਿਤ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਰਾਜ ਪੈਲੇਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ 55 ਪਿੰਡਾਂ ਦੇ ਇਕੱਠੇ ਹੋਏ ਅਕਾਲੀ ਵਰਕਰਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਸ. ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਸ ਵੇਲੇ ਪੰਥ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਨਾਲ ਅਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਜਿਸ ਵਿਚ ਸਮੁੱਚੇ ਪੰਜਾਬੀਆਂ ਨੂੰ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ। ਸ. ਝੂੰਦਾਂ ਨੇ ਕਿਹਾ ਕਿ ਲੋਕ ਪੰਥ, ਪੰਜਾਬ ਅਤੇ ਘੱਟਗਿਣਤੀਆਂ ਦੇ ਮੁੱਦਿਆਂ ਦੇ ਨਾਲ-ਨਾਲ ਕਿਰਦਾਰ ਅਤੇ ਇਮਾਨਦਾਰੀ ਨੂੰ ਮੁੱਖ ਰੱਖ ਕੇ ਵੋਟ ਪਾਉਣ। ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਪੰਜਾਬ ਅਤੇ ਪੰਥ-ਦੋਖੀ ਪਾਰਟੀਆਂ ਹਨ ਜਦਕਿ ਦੂਜੇ ਪਾਸੇ ਪੰਜਾਬੀਆਂ ਦੀ ਅਪਣੀ ਖੇਤਰੀ ਤੇ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਫ਼ੈਸਲਾ ਤੁਹਾਡੇ ਹੱਥ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਨਾਮ ਉਤੇ ਵੋਟਾਂ ਮੰਗੀਆਂ ਸਨ ਪਰ ਹੁਣ ਇਸ ਪਾਰਟੀ ਦੇ ਹੇਠਾਂ ਤੋਂ ਲੈ ਕੇ ਉਪਰ ਤਕ ਸਾਰੇ ਨੇਤਾ ਭ੍ਰਿਸ਼ਟਾਚਾਰ ਵਿਚ ਡੁੱਬ ਚੁੱਕੇ ਹਨ। ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕਰਕੇ ਦੇਸ਼ ਦੇ ਹੋਰ ਰਾਜਾਂ ਵਿਚ ਕੇਜਰੀਵਾਲ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਅਣਖੀ ਅਤੇ ਗ਼ੈਰਤਮੰਦ ਨੌਜੁਆਨਾਂ ਵਿਰੁਧ ਐਨ.ਐਸ.ਏ. ਲਗਾ ਕੇ, ਉਨ੍ਹਾਂ ਨੂੰ ਆਸਾਮ ਦੀਆਂ ਜੇਲਾਂ ਵਿਚ ਕੈਦ ਕਰ ਲਿਆ ਗਿਆ ਹੈ ਜਦਕਿ ਹੋਰ ਨੌਜੁਆਨਾਂ ਨੂੰ ਗੈਂਗਸਟਰ ਆਖ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ। ਆਮ ਆਦਮੀ ਪਾਰਟੀ, ਭਾਜਪਾ ਨਾਲ ਮਿਲ ਕੇ ਪੰਜਾਬ ਵਿਰੁਧ ਫ਼ੈਸਲੇ ਲੈ ਰਹੀ ਹੈ। ਝਾੜੂ ਪਾਰਟੀ ਮਿਹਨਤੀ ਅਤੇ ਜੁਝਾਰੂ ਲੋਕਾਂ ਤੋਂ ਕੰਮ ਕਰਾਉਂਦੀ ਹੈ ਪਰ ਜਦ ਅਹੁਦੇ ਦੇਣ ਦੀ ਬਾਰੀ ਆਉਂਦੀ ਹੈ ਤਾਂ ਧਨਾਢਾਂ ਨੂੰ ਵਜ਼ੀਰੀਆਂ ਦਿਤੀਆਂ ਜਾਂਦੀਆਂ ਹਨ।
ਗ਼ੈਰ-ਪੰਜਾਬੀਆਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਝਾੜੂ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬੀਆਂ ਨੂੰ ਲੀਡਰ ਬਣਾਉਣਾ ਨਹੀਂ ਚਾਹੁੰਦੀ ਬਲਕਿ ਪੈਸੇ ਵਾਲੇ ਅਤੇ ਪੰਜਾਬ ਤੇ ਪੰਥ ਵਿਰੁਧ ਵਿਚਾਰਾਧਾਰਾ ਨੂੰ ਮੰਨਣ ਵਾਲੇ ਲੋਕਾਂ ਨੂੰ ਅਹੁਦੇ ਦੇਣਾ ਚਾਹੁੰਦੀ ਹੈ। ਪੰਜਾਬ ਇਸ ਵੇਲੇ ਤਬਾਹੀ ਦੇ ਕੰਢੇ ਉਤੇ ਖੜਾ ਹੈ, ਇਸ ਲਈ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਪੰਜਾਬ ਨੂੰ ਬਚਾਉਣ ਵਿਚ ਅਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਡੇ ਧਾਰਮਕ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਸਨ, ਹੁਣ ਸੁਖਪਾਲ ਸਿੰਘ ਖਹਿਰਾ ਦੇ ਰੂਪ ਵਿਚ ਫ਼ਰਜ਼ੀ ਪੰਥ ਦਰਦੀ ਸੰਗਰੂਰ ਹਲਕੇ ਵਿਚ ਭੇਜਿਆ ਹੈ ਪਰ ਸੰਗਰੂਰ ਹਲਕੇ ਦੇ ਲੋਕ ਗੁਮਰਾਹ ਨਹੀਂ ਹੋਣਗੇ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਗੁਰਧਾਮਾਂ ਉਤੇ ਕੀਤੇ ਹਮਲਿਆਂ ਦਾ ਬਦਲਾ ਲੈਣਗੇ।
ਝੂੰਦਾਂ ਨੇ ਕਿਹਾ ਕਿ ਜੇ ਸੰਗਤ ਉਨ੍ਹਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਦੀ ਹੈ ਤਾਂ ਉਹ ਇਮਾਨਦਾਰੀ ਅਤੇ ਪੂਰੀ ਜ਼ਿੰਮੇਦਾਰੀ ਨਾਲ ਪੰਥ, ਪੰਜਾਬ ਅਤੇ ਘੱਟਗਿਣਤੀਆਂ ਦੇ ਮਸਲਿਆਂ ਨੂੰ ਉਠਾਉਣਗੇ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਿੱਖਾਂ, ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ ਦਾ ਇਕੋ ਦੁਸ਼ਮਣ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਹਨ। ਜੇ ਘੱਟਗਿਣਤੀਆਂ ਨੇ ਅਪਣੀ ਹੋਂਦ ਨੂੰ ਕਾਇਮ ਰੱਖਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਅਤੇ ਸ਼੍ਰੋਮਣੀ ਅਕਾਲੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਣਾ ਬਹੁਤ ਜ਼ਰੂਰੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਲੋਕਾਂ ਅਪੀਲ ਕੀਤੀ ਕਿ ਉਹ ਅਪਣੀ ਜ਼ਿੰਮੇਦਾਰੀ ਸਮਝਦਿਆਂ ਸ. ਇਕਬਾਲ ਸਿੰਘ ਝੂੰਦਾਂ ਨੂੰ ਜਿਤਾਉਣ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਜਥੇਦਾਰ ਸੁਖਦੇਵ ਸਿੰਘ ਮਿੱਠੇਵਾਲ, ਜਥੇਦਾਰ ਹਰਦੇਵ ਸਿੰਘ ਸਹੇਕੇ, ਜਥੇਦਾਰ ਤਰਨਜੀਤ ਸਿੰਘ ਬਪਲਾ, ਰਾਜਵਿੰਦਰ ਸਿੰਘ ਸਰਪੰਚ ਖ਼ੁਰਦ, ਜਥੇਦਾਰ ਬਹਾਦਰ ਸਿੰਘ ਕੁਠਾਲਾ, ਸਾਬਕਾ ਸਰਪਚੰ ਝਨੇਰ ਸ. ਮਹਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਜਥੇਦਾਰ ਰਾਜਪਾਲ ਸਿੰਘ ਰਾਜੂ, ਜਥੇਦਾਰ ਮਨਦੀਪ ਸਿੰਘ ਮਾਣਕਵਾਲ, ਸਰਕਲ ਪ੍ਰਧਾਨ ਇਕਬਾਲ ਮੁਹੰਮਦ ਹਥਣ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਉਦਯੋਗਪਤੀ ਮੁਹੰਮਦ ਮਹਿਮੂਦ ਗੋਲਡਨ, ਸ. ਨਿਰਮਲ ਸਿੰਘ ਵੈਦ, ਜਥੇਦਾਰ ਗੁਰਮੇਲ ਸਿੰਘ ਕੁਠਾਲਾ, ਡਾ. ਸਿਰਾਜ ਚੱਕ, ਜਥੇਦਾਰ ਦਰਸ਼ਨ ਸਿੰਘ ਝਨੇਰ, ਜਥੇਦਾਰ ਸੁਖਵਿੰਦਰ ਸਿੰਘ ਮਾਣਕੀ, ਜਥੇਦਾਰ ਸੁਖਵਿੰਦਰ ਸਿੰਘ ਕਸਬ ਭਰਾਲ, ਜਥੇਦਾਰ ਕੁਲਵੀਰ ਰਿੰਕੂ, ਸਾਬਕਾ ਸਰਪੰਚ ਨਿਸ਼ਾਨ ਸਿੰਘ ਕਲਿਆਣ, ਜਲਵਾਣਾ ਦੇ ਸਾਬਕਾ ਸਰਪੰਚ ਸ. ਬਲਵਿੰਦਰ ਸਿੰਘ, ਜਥੇਦਾਰ ਧਰਮ ਸਿੰਘ ਫਰਵਾਲੀ, ਜਥੇਦਾਰ ਬਹਾਦਰ ਸਿੰਘ ਮਹੌਲੀ, ਜਥੇਦਾਰ ਹਮੀਰ ਸਿੰਘ ਨੰਬਰਦਾਰ ਕਾਸਾਪੁਰ, ਜਥੇਦਾਰ ਬਹਾਦਰ ਸਿੰਘ, ਜਥੇਦਾਰ ਮਨਜੀਤ ਸਿੰਘ, ਸ. ਜਗਮੇਲ ਸਿੰਘ ਨੰਬਰਦਾਰ, ਸੰਦੀਪ ਖੱਟੜਾ, ਸ. ਗੁਰਪ੍ਰੀਤ ਸਿੰਘ ਬਈਏਆਲ, ਜਥੇਦਾਰ ਆਤਮਾ ਸਿੰਘ, ਜਥੇਦਾਰ ਮੁਕੰਦ ਸਿੰਘ, ਸ. ਪਰਮਜੀਤ ਸਿੰਘ ਮਦੇਵੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਐਸ.ਸੀ. ਵਿੰਗ ਦੇ ਆਗੂ ਸ੍ਰੀਰਾਮ ਆਹਨਖੇੜੀ, ਇਸਤਰੀ ਅਕਾਲੀ ਦੀ ਆਗੂ ਬੀਬੀ ਬਲਜੀਤ ਕੌਰ, ਜਥੇਦਾਰ ਜਸਪਾਲ ਸਿੰਘ ਸਿਕੰਦਰਪੁਰਾ, ਜਥੇਦਾਰ ਬਲਰਾਜ ਸਿੰਘ ਸ਼ੇਰਗੜ੍ਹ ਚੀਮਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਸ. ਝੂੰਦਾਂ ਨੂੰ ਹਲਕੇ ਵਿਚੋਂ ਕਾਫ਼ੀ ਸਮਰਥਨ ਮਿਲ ਰਿਹਾ ਹੈ। ਫ਼ਸਲਾਂ ਦੀ ਕਟਾਈ ਦਾ ਮੌਸਮ ਹੋਣ ਦੇ ਬਾਵਜੂਦ ਅੱਜ ਵੱਡੀ ਗਿਣਤੀ ਵਿਚ ਲੋਕ ਸ. ਝੂੰਦਾਂ ਨੂੰ ਸਮਰਥਨ ਦੇਣ ਲਈ ਪੁੱਜੇ।