ਡਰੱਗ ਅਬਿਊਜ਼ ਪ੍ਰੀਵੈਂਸ਼ਨ ਐਕਟ ਤਹਿਤ ਚੰਡੇਸਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਕੀਤਾ ਨਸ਼ਿਆਂ ਤੋਂ ਜਾਗਰੂਕ
- ਹੈਲਥ ਇੰਸਪੈਕਟਰ ਨੇ ‘ਨਸ਼ਿਆਂ ਨੂੰ ਹੱਥ ਨਾ ਲਾਵੀਂ‘ ਗਾਣਾ ਗਾ ਕੇ ਬੱਚਿਆਂ ਨੂੰ ਕੀਤਾ ਜਾਗਰੂਕ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 25 ਅਪ੍ਰੈਲ ,2024 - ਡਾ.ਮਨੂੰ ਵਿਜ਼ ਸਿਵਲ ਸਰਜਨ ਰੂਪਨਗਰ ਅਤੇ ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਚੰਡੇਸਰ ਵਿਖੇ ਸਰਕਾਰੀ ਮਿਡਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ।
ਬਲਵੰਤ ਰਾਏ ਹੈਲਥ ਇੰਸਪੈਕਟਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇੱਕ ਵਾਰ ਨਸ਼ੇ ਦੀ ਲੱਤ ਲੱਗ ਜਾਵੇ ਤਾਂ ਉਸ ਨੂੰ ਵਾਪਸ ਸਹੀ ਰਸਤੇ ‘ਤੇ ਲਿਆਉਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਉਹਨਾਂ ਬੱਚਿਆਂ ਨੂੰ ਦੱਸਿਆ ਕਿ ਨਸ਼ੇ ਨਾ ਕੇਵਲ ਇਨਸਾਨ ਦੀ ਸਿਹਤ ਨੂੰ ਵਿਗਾੜਦੇ ਹਨ ਬਲਕਿ ਵਿੱਤੀ ਨੁਕਸਾਨ ਵੀ ਕਰਦੇ ਹਨ। ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਉਹ ਆਪਣੇ ਮਾਂ-ਬਾਪ ਅਤੇ ਗੁਰੂ ਰੂਪ ਅਧਿਆਪਕਾਂ ਦਾ ਪੂਰਾ ਸਨਮਾਨ ਕਰਨ ਅਤੇ ਪੜ੍ਹਾਈ ਵਿੱਚ ਆਪਣਾ ਮਨ ਲਗਾਉਣ ਅਤੇ ਜਿੰਦਗੀ ਵਿੱਚ ਚੰਗੇ ਮੁਕਾਮ ਹਾਸਲ ਕਰਨ।
ਹੈਲਥ ਇੰਸਪੈਕਟਰ ਨੇ ਨਸ਼ਿਆਂ ਸਬੰਧੀ ਆਪਣਾ ਲਿਖਿਆ ਇੱਕ ਗਾਣਾ, ‘ ਨਸ਼ਿਆਂ ਨੂੰ ਹੱਥ ਨਾ ਲਾਵੀਂ ‘ ਗਾ ਕੇ ਵੀ ਜਾਗਰੂਕ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਗਗਨਦੀਪ ਕੌਰ ਨੇ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਬਲਜੀਤ ਸਿੰਘ, ਬਲਜੀਤ ਕੌਰ, ਨੀਲਮ ਰਾਣੀ, ਕੁਮਾਰੀ ਅਮਨਦੀਪ ਕੌਰ, ਅਸ਼ੋਕ ਕੁਮਾਰ, ਨਰੇਸ਼ ਕੁਮਾਰ, ਭੁਪਿੰਦਰ ਸਿੰਘ, ਅਮਿਤ ਸ਼ਰਮਾ, ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਕਮਲਜੀਤ ਕੌਰ,ਸੁਖਵੀਰ ਕੌਰ ਆਦਿ ਹਾਜ਼ਰ ਸਨ।