ਰਣਜੀਤ ਸਿੰਘ ਬ੍ਰਹਮਪੁਰਾ ਜਲਾਲਾਬਾਦ ਤੋਂ ਟਕਸਾਲੀ ਆਗੂ ਨੂੰ ਸਨਮਾਨਿਤ ਕਰਦੇ ਹੋਏ
ਅੰਮ੍ਰਿਤਸਰ 20 ਨਵੰਬਰ 2018 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜਲਾਲਾਬਾਦ ਤੋਂ ਕੁੱਝ ਟਕਸਾਲੀ ਅਕਾਲੀ ਆਗੂਆਂ ਨੇ ਅੰਮ੍ਰਿਤਸਰ ਉਨ੍ਹਾਂ ਦੇ ਗ੍ਰਹਿ ਵਿਖੇ ਅੱਜ ਪਹੁੰਚ ਕੀਤੀ ਜਿਨ੍ਹਾਂ ਵਿਚ ਜਲਾਲਾਬਾਦ ਤੋਂ ਜਥੇਦਾਰ ਚਰਨ ਸਿੰਘ ਕੌਮੀ ਵਰਕਿੰਗ ਕਮੇਟੀ ਮੈਂਬਰ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਥੇਦਾਰ ਇਕਬਾਲ ਸਿੰਘ ਸਾਬਕਾ ਸਰਕਲ ਪ੍ਰਧਾਨ ਅਤੇ ਸਾਬਕਾ ਸਰਪੰਚ ਅਰਨੀਵਾਲਾ, ਜਥੇਦਾਰ ਬਲਦੇਵ ਸਿੰਘ ਮੰਮੂ ਖੇੜਾ ਜਨਰਲ ਸਕੱਤਰ ਅਤੇ ਸਾਬਕਾ ਪ੍ਰਧਾਨ ਕਿਸਾਨ ਵਿੰਗ ਅਤੇ ਆਦਿ। ਜ਼ਿਕਰਯੋਗ ਹੈ ਕਿ ਇਹਨਾਂ ਟਕਸਾਲੀ ਆਗੂਆਂ ਵਲੋਂ ਵੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਦੇ ਰਵੱਈਏ ਨੂੰ ਵੇਖਦੇ ਹੋਏ ਬੇਅਦਬੀਆਂ ਦੇ ਕਾਰਨਾਂ ਵਜੋਂ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫਿਆਂ ਦੀ ਝੜੀਆਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਜੀਜਾ ਸਾਲਾ ਅਕਾਲੀ ਦਲ 'ਚ ਇਕੱਲੇ ਹੀ ਰਹਿ ਜਾਣਗੇ।
ਅਕਾਲੀ ਦਲ ਬਚਾਓ ਮੁਹਿੰਮ ਦਾ ਆਗਾਜ਼ ਕੁੱਝ ਦਿਨ ਪਹਿਲਾਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਤੋਂ ਵੱਡੇ ਪੱਧਰ ਤੇ ਕੀਤਾ ਜਿਸ ਵਿਚ ਇਹਨਾਂ ਟਕਸਾਲੀ ਆਗੂਆਂ ਨੂੰ ਲੋਕਾਂ ਦਾ ਖੁੱਲਕੇ ਸਮਰਥਨ ਅਤੇ ਸਹਿਯੋਗ ਮਿਲਿਆ।
ਇਹਨਾਂ ਟਕਸਾਲੀ ਆਗੂਆਂ ਨੇ ਅੱਜ ਅੰਮ੍ਰਿਤਸਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਇਕ ਬੰਦ ਕਮਰਾ ਮੀਟਿੰਗ ਕੀਤੀ ਅਤੇ "ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਅਤੇ ਇਸ "ਅਕਾਲੀ ਦਲ ਬਚਾਓ" ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ ਅਤੇ ਜੀਜੇ ਸਾਲੇ ਨੂੰ ਅਕਾਲੀ ਦਲ ਦੀ ਧਾਰਮਿਕ ਅਤੇ ਸਮਾਜਿਕ ਜਮਾਤ ਤੋਂ ਵਾਂਝੇ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਅਤੇ ਅਕਾਲੀ ਦਲ ਬਚਾਓ ਲਹਿਰ ਦਾ ਸੰਕਲਪ ਲਿਆ ਗਿਆ। ਇਸ ਮੌਕੇ ਇਹਨਾਂ ਟਕਸਾਲੀ ਆਗੂਆਂ ਵਲੋਂ ਲੲੇ ਹੋਏ ਸ਼ਲਾਘਾਯੋਗ ਕਦਮ ਲਈ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਹਨਾਂ ਆਗੂਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਵੀ ਕੀਤਾ।