ਚੰਡੀਗੜ੍ਹ, 16 ਜਨਵਰੀ 2019 - ਫਿਲਮਾਂ 'ਚ ਦਿਖਾਏ ਜਾਂਦੇ ਪੁਲਿਸ ਦੇ ਕਿਰਦਾਰ ਕਈ ਵਾਰ ਅਸਲ ਜ਼ਿੰਦਗੀ 'ਚ ਹੀਰੋਗਿਰੀ ਤੋਂ ਉਲਟ ਦਾਦਗਿਰੀ ਵਾਲੇ ਵੀ ਨਿਕਲ ਆਉਂਦੇ ਹਨ। ਕੁਝ ਅਜਿਹੇ ਵੀ ਲੋਕ ਨੇ ਜੋ ਬਿਨਾ ਮਿਹਨਤ ਕੀਤਿਆਂ ਪੁਲਿਸ ਦੀ ਵਰਦੀ ਪਾਉਣਾ ਤੇ ਸਲੂਟ ਮਰਵਾਉਣਾ ਪਸੰਦ ਕਰਦੇ ਹਨ। ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿਥੇ ਅੰਮ੍ਰਿਤਸਰ ਦੀ ਕੋਟ ਖਾਲਸਾ ਪੁਲਿਸ ਨੇ ਇੱਕ ਜਾਅਲੀ ਡੀਐਸਪੀ ਦਾ ਪਰਦਾਫਾਸ਼ ਕੀਤਾ ਹੈ।
ਜਾਣਕਾਰੀ ਮੁਤਾਬਕ ਫੜਿਆ ਗਿਆ ਸ਼ਖਸ ਡੀਐਸਪੀ ਹੋਣ ਦਾ ਦਾਅਵਾ ਕਰਦਾ ਸੀ ਪਰ ਪੰਜਾਬ ਪੁਲਿਸ ਅੱਗੇ ਉਸਦੀ ਇੱਕ ਵੀ ਨਾ ਚੱਲੀ। ਪੁਲਿਸ ਨੇ ਨਾਕੇ 'ਤੇ ਜਦੋਂ ਇਕ ਨਾਕੇ ਉਤੇ ਰੋਕਿਆ ਤਾਂ ਇਹ ਪਲਿਸ ਉਤੇ ਡੀਐਸਪੀ ਹੋਣ ਦਾ ਰੋਹਬ ਝਾੜਨ ਲੱਗਾ ਪਰ ਛੇਤੀ ਹੀ ਪੁਲਿਸ ਨੂੰ ਇਸ ਉਤੇ ਸ਼ੱਕ ਹੋ ਗਿਆ ਤੇ ਇਸ ਵਿਅਕਤੀ ਦਾ ਸਾਰਾ ਭੇਦ ਖੁੱਲ੍ਹ ਗਿਆ। ਇਸ ਵਿਅਕਤੀ ਦੀ ਪਛਾਣ ਹੀਰਾ ਸਿੰਘ ਵਜੋਂ ਹੋਈ ਹੈ, ਜੋ ਨਿਊਜ਼ੀਲੈਂਡ 'ਚ ਰਹਿੰਦਾ ਹੈ। ਇਸ ਨੇ ਆਪਣਾ ਪੀਐਸਓ ਵੀ ਰੱਖਿਆ ਹੋਇਆ ਸੀ। ਹੀਰਾ ਸਿੰਘ ਚੌਕ ਮਹਿਤਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸਦਾ ਸਾਥੀ ਮੁਖਵਿੰਦਰ ਸਿੰਘ ਜੋ ਕਿ ਫਿਰੋਜਪੁਰ ਦਾ ਰਹਿਣ ਵਾਲਾ ਹੈ ਅਤੇ ਨਕਲੀ ਹਵਲਦਾਰ ਬਣ ਕੇ ਇਸਦੇ ਨਾਲ ਘੁੰਮਦਾ ਸੀ। ਦੋਨੋਂ ਆਮ ਲੋਕਾਂ ਨੂੰ ਨਿਊਜੀਲੈਂਡ ਲਿਜਾਣ ਦੇ ਸੁਪਨੇ ਦਿਖਾ ਕੇ ਠੱਗਦੇ ਸਨ।
ਪੁਲਿਸ ਮੁਤਾਬਕ ਇਨ੍ਹਾਂ ਨੇ ਪੂਰੀ 'ਪੁਲਿਸ ਟੀਮ' ਬਣਾਈ ਹੋਈ ਸੀ। ਹੀਰਾ ਸਿੰਘ ਦੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਤੇ ਹੋਰ ਜਾਅਲੀ ਡੀਐਸਪੀ ਕੋਲੋਂ 2 ਪਿਸਟਲ, ਡੀਐਸਪੀ ਦਾ ਆਈ ਕਾਰਡ ਵੀ ਬਰਾਮਦ ਹੋਏ ਹਨ। ਇਹ ਵਿਅਕਤੀ ਡੀਐਸਪੀ ਦੀ ਵਰਦੀ ਪਾ ਕੇ ਗੱਡੀ ਉਤੇ ਨੀਲੀ ਬੱਤੀ ਲਾ ਕੇ ਬੇਖੌਫ ਹੋਇਆ ਸ਼ਹਿਰ 'ਚ ਘੁੰਮ ਰਿਹਾ ਸੀ ਪਰ ਪੰਜਾਬ ਪੁਲਿਸ ਅੱਗੇ ਕਿਸੇ ਦੀ ਨਹੀਂ ਚੱਲਦੀ ਅਤੇ ਉਸਨੇ ਆਪਣੀ ਬਾਜ ਅੱਖ ਨਾਲ ਜਾਅਲੀ ਡੀਐਸਪੀ ਦਾ ਪਰਦਾਫਾਸ਼ ਕਰ ਦਿੱਤਾ।