ਫਿਰੋਜ਼ਪੁਰ 22 ਜਨਵਰੀ 2019: ਭਾਰਤੀ ਗਣਤੰਤਰ ਦਿਵਸ ਨੂੰ ਸਿੱਖਾਂ ਲਈ ਵਿਸਾਹਘਾਤ ਦਿਹਾੜਾ ਦਸਦਿਆਂ, ਦਲ ਖਾਲਸਾ ਨੇ ਸਿੱਖਾਂ ਨਾਲ ਸੰਵਿਧਾਨਕ ਅਤੇ ਰਾਜਸੀ ਪ੍ਰਬੰਧਕੀ ਢਾਂਚੇ ਰਾਹੀਂ ਲਗਾਤਾਰ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਅਤੇ ਵਧੀਕੀਆਂ ਵਿਰੁੱਧ ਸਿੱਖਾਂ ਨੂੰ 26 ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।
26 ਦੇ ਸਰਕਾਰੀ ਜਸ਼ਨਾਂ ਦੇ ਸਮਾਨਾਂਤਰ ਦਲ ਖਾਲਸਾ ਵਲੋਂ ਸਵੈ ਨਿਰਣੇ ਦਾ ਹੱਕ ਪ੍ਰਾਪਤ ਕਰਨ ਲਈ ਲੁਧਿਆਣਾ, ਹੁਸ਼ਿਆਰਪੁਰ,ਜ਼ੀਰਾ ਵਿਖੇ ਪੀਪਲਜ਼ ਮਾਰਚ ਕੀਤਾ ਜਾਵੇਗਾ।
ਪਾਰਟੀ ਆਗੂਆਂ ਨੇ ਅਜ ਏਥੇ ਪ੍ਰੈਸ ਕਾਨਫਰੰਸ ਮੌਕੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਜਦ ਸੰਵਿਧਾਨ ਸਿੱਖਾਂ ਦੀ ਅੱਡਰੀ ਪਛਾਣ ਤੇ ਹੋਂਦ ਤੋਂ ਹੀ ਮੁਨਕਰ ਹੈ ਤਾਂ ਫਿਰ ੨੬ ਜਨਵਰੀ ਦੇ ਜਸ਼ਨ ਕਾਹਦੇ। ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਦੀ ੨੬ ਜਨਵਰੀ ਦੀ ਮੁਖਾਲਫਤ ਭਾਰਤੀ ਲੋਕਾਂ ਵਿਰੁੱਧ ਨਹੀਂ ਹੈ। ਜਥੇਬੰਦੀ ਨੇ ਸਪਸ਼ਟ ਕੀਤਾ ਕਿ ਸੰਵਿਧਾਨ, ਜਨ ਗਨ ਮਨ, ੨੬ ਜਨਵਰੀ, ਤਿਰੰਗਾ ਸਿੱਖਾਂ ਲਈ ਬੇਗਾਨੇ ਹਨ।
ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਆਪਣੀ ਕਿਸਮਤ ਦੀ ਮਾਲਕ ਵੀ ਆਪ ਹੀ ਬਨਣਾ ਲੋਚਦੀ ਹੈ। ਸਿੱਖਾਂ ਨੂੰ ਦਿੱਲੀ ਤੋਂ ਥੋਪੇ ਜਾਂਦੇ ਫੈਸਲੇ ਪ੍ਰਵਾਨ ਨਹੀਂ ਹਨ। ਉਹਨਾਂ ਕਿਹਾ ਕਿ ਭਾਰਤ ਅਤੇ ਸਿੱਖ ਕੌਮ ਵਿਚਾਲੇ ਖਿਚੋਤਾਣ ਦਾ ਪੱਕਾ ਹੱਲ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਅਤੇ ਉਸਨੂੰ ਲਾਗੂ ਕਰਨ ਨਾਲ ਹੀ ਹੋਵੇਗਾ।
ਉਹਨਾਂ ਕਿਹਾ ਕਿ ਸੰਵਿਧਾਨਕ ਮੱਦਾਂ ਲਗਾਤਾਰ ਸਿੱਖਾਂ ਨੂੰ ਠਿੱਠ ਕਰ ਕਰੀਆਂ ਹਨ। ਉਹਨਾਂ ਪਿਛਲੇ ੭ ਦਹਾਕਿਆਂ ਤੋਂ ਰਾਇਪੇਰੀਅਨ ਸਿਧਾਂਤ ਅਤੇ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਕੇ ਪੰਜਾਬ ਦਾ ਪਾਣੀ ਲੁਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਵੀ ਪੁਲਿਸ ਦੇ ਦਬਦਬੇ ਤੋਂ ਮੁਕਤ ਨਹੀਂ ਹੈ, ਇਸੇ ਲਈ ਬਹਿਬਲ ਕਲਾਂ ਗੋਲੀ ਕਾਂਡ ਦੇ ਸੁਮੇਧ ਸਿੰਘ ਸੈਣੀ ਸਾਰੇ ਦਾਗੀ ਤੇ ਦੋਸ਼ੀ ਅਫਸਰ ਕਾਨੂੰਨ ਦੀ ਪਕੜ ਤੋਂ ਆਜ਼ਾਦ ਘੁੰਮ ਰਹੇ ਹਨ।ਉਹਨਾਂ ਕਿਹਾ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਦੇ ਰਵਈਏ ਤੋਂ ਇਹ ਗੱਲ ਪੁਖਤਾ ਹੁੰਦੀ ਹੈ ਕਿ ਇਸ ਮੁਲਕ ਅੰਦਰ ਦੋਸ਼ੀ ਪੁਲਿਸ ਅਫਸਰਾਂ ਨੂੰ ਕਾਨੂੰਨ ਦੀ ਲਪੇਟ ਤੋਂ ਬਚਾਉਣ ਲਈ ਬਾਰ-ਬਾਰ ਇਨਸਾਫ ਦਾ ਗਲਾ ਘੁਟ ਦਿੱਤਾ ਜਾਂਦਾ ਹੈ। ਦੂਜੇ ਪਾਸੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਸਤਾਨੀ ਨੇ ਕਿਹਾ ਕਿ ਸਿੱਖਾਂ ਨੇ ਇਸ ਖਿਤੇ ਵਿਚ ਆਪਣਾ ਸਫਰ ਭਾਰਤੀ ਸੰਵਿਧਾਨ ਨੂੰ ਨਾ-ਮਨਜ਼ੂਰ ਕਰਕੇ ਆਰੰਭ ਕੀਤਾ ਕਿਉਕਿ ਇਹ ਸੰਵਿਧਾਨ ਉਹਨਾਂ ਨਾਲ ਧੋਖਾ ਸੀ ਅਤੇ ਬਾਅਦ ਦੇ ਸਾਲਾਂ ਦੌਰਾਨ ਭਾਰਤੀ ਸਟੇਟ ਵਲੋਂ ਸਿੱਖਾਂ ਨਾਲ ਕੀਤੇ ਵਤੀਰੇ ਅਤੇ ਵਾਪਰੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਉਹਨਾਂ ਕਿਹਾ ਕਿ ਦਿੱਲੀ ਦੇ ਹੁਕਮਰਾਨਾਂ ਨੇ ਸਿੱਖ ਸਮੱਸਿਆਵਾਂ ਨੂੰ ਜਾਂ ਤਾਂ ਅਣਗੌਲਿਆ ਕਰੀ ਰਖਿਆ, ਜਾਂ ਇਸ ਨੂੰ ਕਾਨੂੰਨ-ਵਿਵਸਥਾ ਦਾ ਮਸਲਾ ਬਣਾਕੇ ਸਿੱਖਾਂ ਦਾ ਸਰੀਰਕ ਘਾਣ ਕੀਤਾ
ਇਸ ਮਾਰਚ ਨੂੰ ਸਥਾਨਕ ਜਥੇਬੰਦੀਆਂ ਵੱਲੋਂ ਆਪਣਾ ਸਮਰਥਣ ਦਿੱਤਾ ਗਿਆ।
ਇਸ ਮੌਕੇ ਇਕ ਨੂਰ ਖਾਲਸਾ ਫੌਜ ਦੇ ਹਿੰਮਤ ਸਿੰਘ, ਲਖਬੀਰ ਸਿੰਘ, ਸਵਰਨ ਸਿੰਘ, ਕਰਤਾਰ ਸਿੰਘ ਵੀ ਹਾਜਿਰ ਸਨ।