ਨਵਾਂਸ਼ਹਿਰ 14 ਮਾਰਚ,2019
ਐਮ ਐਲ ਏ ਅੰਗਦ ਸਿੰਘ ਨੇ ਅੱਜ ਨਵਾਂਸ਼ਹਿਰ ਹਲਕੇ ਨੂੰ 35.89 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ ਦਿੰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦਾ ਅਗਲਾ ਟੀਚਾ ਨਵਾਂਸ਼ਹਿਰ ’ਚ ਬੇਹਤਰੀਨ ਸਪੋਰਟਸ ਕੰਪਲੈਕਸ ਦੀ ਉਸਾਰੀ ਹੋਵੇਗਾ।
ਅੱਜ ਇੱਥੇ ਸਰਕਾਰੀ ਕਾਲਜ ਜਾਡਲਾ ਦੀ 11.89 ਕਰੋੜ ਰੁਪਏ ਨਾਲ ਬਣਨ ਵਾਲੀ ਇਮਾਰਤ ਦੀ ਉਸਾਰੀ ਅਤੇ 24 ਕਰੋੜ ਰੁਪਏ ਦੇ ਰਾਹੋਂ-ਮੱਤੇਵਾੜਾ ਮਾਰਗ ਦੇ ਨਵੀਨੀਕਰਣ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ’ਤੇ ਪੂਰੀ ਇਮਾਨਦਾਰੀ ਨਾਲ ਪਹਿਰਾ ਦਿੰਦਿਆਂ, ਉਨ੍ਹਾਂ ਨੂੰ ਹਕੀਕੀ ਰੂਪ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾ ਦੋਵਾਂ ਪ੍ਰਾਜੈਕਟਾਂ ਦਾ ਕੰਮ ਜ਼ਮੀਨੀ ਪੱਧਰ ’ਤੇ ਚੱਲਣ ਤੋਂ ਬਾਅਦ ਅੱਜ ਨੀਂਹ ਪੱਥਰ ਰੱਖੇ ਗਏ ਹਨ ਤਾਂ ਜੋ ਪਿਛਲੀਆਂ ਸਰਕਾਰਾਂ ਵਾਂਗ ਲੋਕਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਕੰਮ ਸ਼ੁਰੂ ਨਹੀਂ ਹੋਏ ਤੇ ਨੀਂਹ ਪੱਥਰ ਪਹਿਲਾਂ ਰੱਖ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਜਾਡਲਾ ਪੰਜਾਬ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਐਲਾਨਿਆ ਗਿਆ ਸੀ ਅਤੇ ਉਸ ਤੋਂ ਬਾਅਦ ਇਸ ਦੀ ਆਪਣੀ ਇਮਾਰਤ ਬਣਨ ਤੱਕ ਇਸ ਦੀਆਂ ਆਰਜ਼ੀ ਕਲਾਸਾਂ ਬੀਰੋਵਾਲ ਦੇ ਗੁਰਦੁਆਰਾ ਸਾਹਿਬ ’ਚ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਕਾਲਜ ਨੂੰ 9 ਮਹੀਨੇ ਦੇ ਰਿਕਾਰਡ ਸਮੇਂ ’ਚ ਮੁਕੰਮਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਕਲਾਸਾਂ ਇੱਥੇ ਤਬਦੀਲ ਕਰ ਦਿੱਤੀਆਂ ਜਾਣਗੀਆਂ।
ਵਿਧਾਇਕ ਅੰਗਦ ਸਿੰਘ ਨੇ ਨਵੇਂ ਬਣ ਰਹੇ ਸਰਕਾਰੀ ਕਾਲਜ ਨੂੰ ਬੇਟ ਇਲਾਕੇ ’ਚ ਉੱਚ ਸਿਖਿਆ ਲਈ ਸਵਰਗੀ ਖੇਤੀਬਾੜੀ ਮੰਤਰੀ ਸ. ਦਿਲਬਾਗ ਸਿੰਘ ਦੇ ਸੁਫ਼ਨੇ ਦੀ ਪੂਰਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਵ. ਸ. ਦਿਲਬਾਗ ਸਿੰਘ ਛੋਕਰਾਂ ਵਿਖੇ ਸਰਕਾਰੀ ਕਾਲਜ ਦੀ ਉਸਾਰੀ ਕਰਵਾਉਣ ਚਾਹੁੰਦੇ ਸਨ ਪਰ ਉਨ੍ਹਾਂ ਦੇ ਦੇਹਾਂਤ ਕਾਰਨ ਇਸ ਪ੍ਰਾਜੈਕਟ ਨੂੰ ਅਗਲੀ ਸਰਕਾਰ ਵੱਲੋਂ ਨਿੱਜੀ ਖੇਤਰ ’ਚ ਦੇ ਦਿੱਤਾ ਗਿਆ। ਉਨ੍ਹਾਂ ਨੇ ਗ੍ਰਾਮ ਪੰਚਾਇਤ ਜਾਡਲਾ ਵੱਲੋਂ ਕਾਲਜ ਬਣਾਉਣ ਲਈ ਦਿੱਤੀ ਜਗ੍ਹਾ ਲਈ ਮੌਜੂਦਾ ਸਰਪੰਚ ਰਜਿੰਦਰ ਸਿੰਘ ਰਠੌਰ ਤੇ ਸਾਬਕਾ ਸਰਪੰਚ ਮਨਜੀਤ ਕੌਰ ਸਮੇਤ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਪ੍ਰਗਟਾਇਆ।
ਉਨ੍ਹਾਂ ਦੱਸਿਆ ਕਿ 650 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਇਸ ਕਾਲਜ ’ਚ 20 ਕਲਾਸ ਰੂਮ ਹੋਣਗੇ। ਕੁੱਲ 51700 ਵਰਗ ਫੁੱਟ ਏਰੀਆ ਛੱਤਿਆ ਜਾਵੇਗਾ। ਇਸ ਕਾਲਜ ’ਚ 2500 ਤੋਂ 3000 ਲੋਕਾਂ ਦੀ ਸਮਰੱਥਾ ਵਾਲਾ ਬਹੁਮੰਤਵੀ ਹਾਲ, ਸਾਇੰਸ ਦੀਆਂ ਚਾਰ ਲੈਬਾਰਟਰੀਆਂ, ਪੰਜਵੀਂ ਕੰਪਿਊਟਰ ਦੀ ਲੈਬ ਤੋਂ ਇਲਾਵਾ ਇੱਕ ਬਾਸਕਟਬਾਲ ਕੋਰਟ ਤੇ ਇੱਕ ਵਾਲੀਬਾਲ ਕੋਰਟ ਵੀ ਬਣਾਇਆ ਜਾਵੇਗਾ। ਕਾਲਜ ’ਚ ਸਾਇੰਸ ਤੇ ਹਿਊਮੈਨੇਟੀਜ਼ ਦੀ ਪੜ੍ਹਾਈ ਕਰਵਾਈ ਜਾਵੇਗੀ। ਉਨ੍ਹਾਂ ਪਿ੍ਰੰਸੀਪਲ ਪਰਮਜੀਤ ਸਿੰਘ ਨੂੰ ਮੌਜੂਦਾ ਕਲਾਸਾਂ ਦੇ ਨਾਲ-ਨਾਲ ਨਵੀਂ ਬਣ ਰਹੀ ਇਮਾਰਤ ਦਾ ਵੀ ਖਿਆਲ ਰੱਖਣ ਲਈ ਆਖਿਆ।
ਰਾਹੋਂ ਵਿਖੇ ਅਮਨ ਪੈਲੇਸ ਨੇੜੇ ਰਾਹੋਂ ਤੋਂ ਮੱਤੇਵਾੜਾ ਪੁੱਲ ਤੱਕ 11.11 ਕਿਲੋਮੀਟਰ ਸੜ੍ਹਕ ਦੇ 24 ਕਰੋੜ ਰੁਪਏ ਦੇ ਨਵੀਨੀਕਰਣ ਪ੍ਰਾਕਜੈਕਟ ਦਾ ਨੀਂਹ ਪੱਥਰ ਰੱਖਦਿਆਂ ਉਨ੍ਹਾਂ ਆਖਿਆ ਕਿ ਇਸ ਸੜ੍ਹਕ ਦੇ ਬਣਨ ਨਾਲ ਜਿੱਥੇ ਲੁਧਿਆਣਾ ਤੇ ਨਵਾਂਸ਼ਹਿਰ ਵਿਚਾਲੇ ਦੂਰੀ ਘਟੇਗੀ ਉੱਥੇ ਨਾਲ ਹੀ ਇੱਥੋਂ ਦੇ ਨੌਜੁਆਨਾਂ ਲਈ ਸਨਅਤੀ ਨਗਰੀ ਲੁਧਿਆਣਾ ’ਚ ਰੋਜ਼ਗਾਰ ਦੇ ਅਵਸਰ ਵੀ ਪੈਦਾ ਹੋਣਗੇ ਅਤੇ ਉਹ ਸਵੇਰੇ ਜਾ ਕੇ ਸ਼ਾਮ ਤੱਕ ਵਾਪਸ ਮੁੜ ਸਕਣਗੇ।
ਉਨ੍ਹਾਂ ਪਿਛਲੀ ਸਰਕਾਰ ’ਤੇ ਵਿਅੰਗ ਕੱਸਦਿਆਂ ਆਖਿਆ ਕਿ ਚੋਣਾਂ ਦਾ ਲਾਹਾ ਲੈਣ ਲਈ ਨਵਾਂ ਪੁੱਲ ਤਾਂ ਚਲਾ ਦਿੱਤਾ ਗਿਆ ਪਰ ਸੜ੍ਹਕ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਦਾ ਕਿਸੇ ਨੇ ਵੀ ਨਹੀਂ ਸੋਚਿਆ।