← ਪਿਛੇ ਪਰਤੋ
ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ 2019: 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਲਈ ਨਾਮਜ਼ਦਗੀਆਂ ਭਰਨ ਦਾ ਅਮਲ 22 ਅਪ੍ਰੈਲ ਤੋਂ 29 ਅਪ੍ਰੈਲ ਤੱਕ ਜਾਰੀ ਰਹੇਗਾ ਨਾਮਜ਼ਦਗੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਜਦਕਿ 27 ਅਤੇ 28 ਅਪ੍ਰੈਲ (ਸ਼ਨੀਚਰਵਾਰ ਤੇ ਐਤਵਾਰ) ਨੂੰ ਨਾਮਜ਼ਦਗੀਆਂ ਦਾਖਲ ਨਹੀਂ ਕੀਤੀਆਂ ਜਾ ਸਕਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 30 ਅਪ੍ਰੈਲ ਨੂੰ ਹੋਵੇਗੀ ਜਦਕਿ ਕਾਗਜ਼ 2 ਮਈ ਤੱਕ ਵਾਪਸ ਲਏ ਜਾ ਸਕਣਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਲਈ ਵੋਟਰਾਂ ਨੂੰ ਆਪਣੀ ਵੋਟ ਭੁਗਤਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕ ਸਭਾ ਹਲਕੇ ਲਈ 1750 ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ 'ਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤਾਂ ਜੋ ਦਿਵਿਆਂਗਾਂ ਨੂੰ ਆਪਣੀ ਵੋਟ ਪਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਜ਼ਿਲ੍ਹਾ ਚੋਣ ਅਫਸਰ ਨੇ ਇਸ ਮੌਕੇ ਦੱਸਿਆ ਕਿ ਲੋਕ ਸਭਾ ਹਲਕੇ ਵਿੱਚ ਵੋਟਾਂ ਦਾ ਕੰਮ ਪਾਰਦਰਸ਼ਤਾ, ਆਜ਼ਾਦਾਨਾਂ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਇਸ ਮੌਕੇ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੇਸ਼ ਦੇ ਲੋਕਤੰਤਰ ਦੀਆਂ ਜੜ੍ਹਾਂ ਦੀ ਮਜਬੂਤੀ ਲਈ ਆਪਣੇ ਸੰਵਿਧਾਨਕ ਹੱਕ ਵੋਟ ਦੀ ਵਰਤੋਂ ਬਿਨਾਂ ਕਿਸੇ ਲਾਲਚ ਅਤੇ ਡਰ-ਭੈਅ ਤੋਂ ਕਰਨ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਮਾੜੇ ਅਨਸਰ ਦੇ ਬਹਿਕਾਵੇ ਵਿੱਚ ਨਾ ਆਉਣ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਕੋਈ ਵੀ ਉਮੀਦਵਾਰ 70 ਲੱਖ ਰੁਪਏ ਤੋਂ ਵੱਧ ਖਰਚਾ ਨਹੀਂ ਕਰ ਸਕੇਗਾ ਅਤੇ ਹਰੇਕ ਉਮੀਦਵਾਰ ਵੱਲੋਂ ਆਪਣੇ ਚੋਣ ਖਰਚ ਨਾਲ ਸਬੰਧਤ ਖਾਤਾ ਤਿਆਰ ਕਰਨਾ ਪਵੇਗਾ ਜਿਸ ਵਿੱਚ ਨਾਮਜ਼ਦਗੀ ਤੋਂ ਲੈ ਕੇ ਨਤੀਜੇ ਦੀ ਘੋਸ਼ਣਾ ਤੱਕ ਕੀਤੇ ਜਾਣ ਵਾਲੇ ਖਰਚੇ ਦਾ ਹਿਸਾਬ ਕਿਤਾਬ ਰੱਖਣਾ ਲਾਜ਼ਮੀ ਹੋਵੇਗਾ ਅਤੇ ਉਮੀਦਵਾਰ ਨੂੰ ਨਾਮਜ਼ਦਗੀ ਭਰਨ ਤੋਂ ਪਹਿਲਾਂ ਵੱਖਰਾ ਬੈਂਕ ਖਾਤਾ ਖੋਲਣਾ ਪਵੇਗਾ ਜੋ ਉਸ ਦੇ ਚੋਣ ਏਜੰਟ ਨਾਲ ਸਾਂਝਾ ਵੀ ਹੋ ਸਕਦਾ ਹੈ। ਉਮੀਦਵਾਰ ਨੂੰ 50 ਹਜ਼ਾਰ ਤੋਂ ਵਧੇਰੇ ਰਕਮ ਨਾਲ ਲੈ ਕੇ ਜਾਣ ਮੌਕੇ ਲੋੜੀਂਦੇ ਦਸਤਾਵੇਜ ਨਾਲ ਰੱਖਣੇ ਪੈਣਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਪ੍ਰਕਾਸ਼ਤ ਹੋਣ ਵਾਲੀਆਂ ਮੁੱਲ ਦੀਆਂ ਖ਼ਬਰਾਂ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰ 'ਤੇ ਮੀਡੀਆ ਮੌਨੀਟਰਿੰਗ ਤੇ ਸਰਟੀਫਿਕੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਅਜਿਹੀਆਂ ਖ਼ਬਰਾਂ 'ਤੇ 24 ਘੰਟੇ ਨਿਗ੍ਹਾ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ਼ੋਸ਼ਲ ਮੀਡੀਏ 'ਤੇ ਕਿਸੇ ਵੀ ਉਮੀਦਵਾਰ ਨੂੰ ਜਿਤਾਉਣ ਜਾਂ ਹਰਾਉਣ ਬਾਰੇ ਸਰਵੇਖਣ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
Total Responses : 940