ਪਿੰਡ ਚੋਲਟਾ ਖ਼ੁਰਦ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ !
ਖਰੜ, 19 ਅਪ੍ਰੈਲ (ਦੀਦਾਰ ਗੁਰਨਾ ):ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਰੋਧੀ ਉਮੀਦਵਾਰ ਬੀਰਦਵਿੰਦਰ ਸਿੰਘ ਵੱਲੋਂ ਪੁੱਤਰ ਮੋਹ ਸਬੰਧੀ ਵੱਖ ਵੱਖ ਅਖ਼ਬਾਰਾਂ ਵਿਚ ਦਿੱਤੇ ਬਿਆਨ ਦਾ ਕਰਾਰਾ ਜਵਾਬ ਦਿੱਤਾ ਹੈ। ਪ੍ਰੋ. ਚੰਦੂਮਾਜਰਾ ਨੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਚੋਲਟਾ ਖ਼ੁਰਦ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਬੇਤੁਕੇ ਬਿਆਨ ਦੇਣ ਵਾਲੇ ਬੀਰਦਵਿੰਦਰ ਸਿੰਘ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੀ ਨਹੀਂ ਹੈ ਕਿ ਐਮ.ਪੀ. ਲੈਂਡ ਫ਼ੰਡ ਦਾ ਪੈਸਾ ਸਰਕਾਰ ਦੀਆਂ ਗਾਈਡ ਲਾਈਨਜ਼ ਤੋਂ ਬਿਨਾ ਵੰਡਿਆ ਹੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੂਸਰੀ ਗੱਲ ਇਹ ਕਿ ਇੱਕ ਮੈਂਬਰ ਪਾਰਲੀਮੈਂਟ ਆਪਣੇ ਲੋਕ ਸਭਾ ਹਲਕੇ ਤੋਂ ਬਾਹਰ ਜਾ ਕੇ 80 ਲੱਖ ਰੁਪਏ ਤੱਕ ਪੈਸਾ ਖ਼ਰਚ ਕਰ ਸਕਦਾ ਹੈ ਜਦਕਿ ਉਨ੍ਹਾਂ ਨੇ ਤਾਂ ਸਿਰਫ਼ ਤੇ ਸਿਰਫ਼ 57 ਲੱਖ ਰੁਪਏ ਦੇ ਕਰੀਬ ਹੀ ਪੈਸਾ ਆਪਣੇ ਹਲਕੇ ਤੋਂ ਬਾਹਰ ਫ਼ਤਿਹਗੜ੍ਹ ਸਾਹਿਬ, ਪਟਿਆਲਾ, ਮੋਗਾ ਆਦਿ ਜ਼ਿਲ੍ਹਿਆਂ ਵਿਚ ਵੰਡਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਐਮ.ਪੀ. ਲੈਂਡ ਕੋਟੇ ਦੇ 25 ਕਰੋੜ ਰੁਪਏ ਤੋਂ ਵੀ ਵੱਧ ਕੇ 26.10 ਕਰੋੜ ਰੁਪਏ ਦੀਆਂ ਗਰਾਂਟਾਂ ਖ਼ਰਚ ਕੀਤੀਆਂ ਹਨ। ਪ੍ਰੋ ਚੰਦੂਮਾਜਰਾ ਨੇ ਆਪਣੇ ਬੇਟੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ.ਐਲ.ਏ. ਦੇ ਹਲਕਾ ਸਨੌਰ ਵਿਚ ਗਰਾਂਟਾਂ ਖ਼ਰਚ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਗਰਾਂਟਾਂ ਉਨ੍ਹਾਂ ਆਪਣੇ ਬੇਟੇ ਦੇ ਸਨੌਰ ਤੋਂ ਐਮ.ਐਲ.ਏ. ਬਣਨ ਤੋਂ ਪਹਿਲਾਂ ਖ਼ਰਚ ਕੀਤੀਆਂ ਸਨ, ਐਮ.ਐਲ.ਏ. ਬਣਨ ਤੋਂ ਬਾਅਦ ਨਹੀਂ।
ਉਨ੍ਹਾਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਬਤੌਰ ਮੈਂਬਰ ਪਾਰਲੀਮੈਂਟ ਆਪਣੇ ਇਸੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਹਲਕੇ ਵਿਚ 300 ਦੇ ਕਰੀਬ ਵਾਟਰ ਟੈਂਕਰ ਵੰਡੇ, 400 ਦੇ ਕਰੀਬ ਪਾਰਕ ਜਿੰਮ ਲਗਵਾਏ। ਇਸ ਤੋਂ ਇਲਾਵਾ ਉਨ੍ਹਾਂ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਨੂੰ ਐਨ.ਓ.ਸੀ. ਜਾਰੀ ਕਰਵਾਉਣਾ, ਏਅਰਪੋਰਟ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਵਾਉਣਾ, ਦੋ ਦਰਜਨ ਦੇ ਕਰੀਬ ਅੰਡਰ ਪਾਸ ਬਣਵਾ ਕੇ ਲੋਕਾਂ ਲਈ ਆਵਾਜਾਈ ਸੁਖਾਲੀ ਕਰਵਾਉਣਾ, ਹਲਕੇ ਅੰਦਰ ਕਰੀਬ 8 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ 500 ਕਿੱਲੋਮੀਟਰ ਦੇ ਕਰੀਬ ਹਾਈਵੇ ਦਾ ਜਾਲ ਵਿਛਾ ਕੇ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣਾ, ਹਲਕੇ ਦੇ ਕਿਸਾਨਾਂ ਲਈ ਤਿੰਨ ਹਜ਼ਾਰ ਦੇ ਕਰੀਬ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਵਾਉਣਾ, ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਲੋਕ ਸਭਾ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਦਾਸਤਾਨ ਸੁਣਾ ਕੇ ਸਤਿਕਾਰ ਭੇਂਟ ਕਰਵਾਉਣਾ, ਐਨ.ਆਰ.ਆਈਜ਼ ਦੀਆਂ ਮੁੱਖ ਮੰਗਾਂ ਹੱਲ ਕਰਵਾਉਣ ਆਦਿ ਸਮੇਤ ਹੋਰ ਬਹੁਤ ਸਾਰੇ ਕੰਮਾਂ ਦਾ ਜ਼ਿਕਰ ਵੀ ਕੀਤਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਬੀਰਦਵਿੰਦਰ ਸਿੰਘ ਨੇ ਮੀਡੀਆ ਵਿਚ ਗ਼ਲਤ ਅੰਕੜੇ ਪੇਸ਼ ਕਰਕੇ ਬੇਤੁਕਾ ਬਿਆਨ ਦਿੱਤਾ ਹੈ। ਗ਼ਲਤ ਅੰਕੜੇ ਪੇਸ਼ ਕਰਨ ਵਾਲਿਆਂ ਖ਼ਿਲਾਫ਼ ਆਉਂਦੇ ਸਮੇਂ ਵਿਚ ਅਦਾਲਤੀ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਉਨ੍ਹਾਂ ਨੂੰ ਜਿਤਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਨ ਸਿੰਘ ਸੰਧੂ ਹਲਕਾ ਇੰਚਾਰਜ, ਚਰਨਜੀਤ ਸਿੰਘ ਕਾਲੇਵਾਲ ਐਸ.ਜੀ.ਪੀ.ਸੀ. ਮੈਂਬਰ, ਜਥੇਦਾਰ ਕਰਨੈਲ ਸਿੰਘ ਚੋਲਟਾ ਖੁਰਦ, ਮਲਕੀਤ ਸਿੰਘ ਥੇੜ੍ਹੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਵਿੰਦਰ ਸਿੰਘ ਸਰਪੰਚ ਮਦਨਹੇੜੀ, ਵਰਿੰਦਰ ਸਿੰਘ ਸਰਪੰਚ, ਦੀਦਾਰ ਸਿੰਘ, ਹਰਜੀਤ ਸਿੰਘ ਸੰਧੂ, ਸਰਬਜੀਤ ਸਿੰਘ ਸਰਕਲ ਪ੍ਰਧਾਨ, ਤਜਿੰਦਰ ਸਿੰਘ ਤੇਜ਼ੀ ਯੂਥ ਪ੍ਰਧਾਨ, ਮੋਹਨ ਸਿੰਘ ਪੰਚ ਚੋਲਟਾ ਖੁਰਦ, ਚੌਧਰੀ ਨੀਲਾ ਰਾਮ ਸਰਪੰਚ ਚੋਲਟਾ ਖੁਰਦ, ਸਰਬਜੀਤ ਸਿੰਘ ਸਰਪੰਚ ਪੋਪਨਾ, ਮਸਤ ਸਿੰਘ ਦੇਹ ਕਲਾਂ, ਅਮਰਜੀਤ ਸਿੰਘ ਪੰਨੂਆਂ, ਸੁਖਜੀਤ ਸੁੱਖੀ ਪੰਚ, ਕੁਲਵੰਤ ਸਿੰਘ ਤ੍ਰਿਪੜੀ ਆਦਿ ਸਮੇਤ ਪਿੰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਵੀ ਹਾਜ਼ਰ ਸਨ।