ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਦਲਵੀਰ ਸਿੰਘ ਗੋਲਡੀ
ਧੂਰੀ, 25 ਅਪ੍ਰੈਲ(ਦੀਦਾਰ ਗੁਰਨਾ ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅੰਦਰ 13 ਦੀਆਂ 13 ਸੀਟਾਂ 'ਤੇ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦੇ ਮਕਸਦ ਨਾਲ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨ ਤੋਂ ਬਾਅਦ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਅੱਜ ਆਪਣੇ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਸਥਿਤ ਦਫ਼ਤਰ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਦੇ ਇਸ ਫ਼ੈਸਲੇ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਵਿਧਾਇਕ ਦੀ ਟਿਕਟ ਉਨ੍ਹਾਂ ਵੱਲੋਂ ਪਾਰਟੀ ਪ੍ਰਤੀ ਕੀਤੇ ਕੰਮਾਂ ਦੇ ਆਧਾਰ 'ਤੇ ਦਿੱਤੀ ਗਈ ਸੀ ਅਤੇ ਉਹ ਪਾਰਟੀ ਉਮੀਦਵਾਰ ਦੀ ਸਫਲਤਾ ਲਈ ਨਗਰ ਕੌਂਸਲਰਾਂ, ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ, ਬਲਾਕ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨਗੇ ਅਤੇ ਇਸ ਚੋਣ ਦੇ ਨਤੀਜੇ ਦੇ ਆਧਾਰ 'ਤੇ ਹੀ ਸਥਾਨਕ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਪੱਤਰਕਾਰਾਂ ਵੱਲੋਂ ਅਜਿਹੇ ਨਿਰਦੇਸ਼ ਚੋਣਾਂ ਮੌਕੇ ਦੇਣ ਸੰਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕੋਈ ਵੀ ਫ਼ੈਸਲਾ ਸਮੇਂ ਸਿਰ ਲੈਣਾ ਹੀ ਵਾਜਬ ਹੁੰਦਾ ਹੈ।
ਉਨ੍ਹਾਂ ਦੇਸ਼ ਭਰ ਅੰਦਰ ਮੁਕਾਬਲਾ ਕਾਂਗਰਸ ਅਤੇ ਭਾਜਪਾ ਦਰਮਿਆਨ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਹਰ ਪਾਸੇ ਫ਼ੇਲ੍ਹ ਸਾਬਤ ਹੋਈ ਹੈ, ਕਿਉਂਕਿ ਨਾ ਹੀ ਉਹ ਆਪਣੇ ਵਾਅਦੇ ਮੁਤਾਬਿਕ 2 ਕਰੋੜ ਨੌਕਰੀਆਂ ਦੇ ਸਕੀ, ਸੰਸਦ ਗਰਾਮ ਯੋਜਨਾ, 'ਮੇਕ ਇਨ ਇੰਡੀਆ' ਅਤੇ ਫ਼ਸਲ ਬੀਮਾ ਯੋਜਨਾ ਪੂਰੀ ਤਰ੍ਹਾਂ ਫਲਾਪ ਰਹੀਆਂ ਅਤੇ ਭਾਜਪਾ ਸਰਕਾਰ ਦੇ ਦੌਰ 'ਚ ਪੈਟਰੋਲ, ਡੀਜ਼ਲ ਅਤੇ ਗੈੱਸ ਕੀਮਤਾਂ 'ਚ ਭਾਰੀ ਵਾਧਾ ਹੋਇਆ। 'ਕਾਲਾ ਧਨ' ਦੀ ਵਾਪਸੀ ਜੁਮਲਿਆਂ 'ਚ ਹੀ ਰਹੀ। ਜਿੱਥੇ ਨੋਟਬੰਦੀ ਨੇ ਗ਼ਰੀਬ ਤੇ ਮੱਧਵਰਗੀ ਲੋਕਾਂ ਦਾ ਨੁਕਸਾਨ ਕੀਤਾ ਉੱਥੇ ਹੀ ਮਨਮੋਹਨ ਸਿੰਘ ਵੱਲੋਂ ਤਿਆਰ ਕੀਤੇ ਗਏ ਜੀ.ਐੱਸ.ਟੀ ਦੇ ਫ਼ਾਰਮੂਲੇ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਕੇ ਲੋਕਾਂ 'ਤੇ ਭਾਰੀ ਬੋਝ ਪਾਇਆ ਗਿਆ । ਉਨ੍ਹਾਂ ਭਾਜਪਾ ਵੱਲੋਂ ਮੂਰਤੀ ਉੱਪਰ 3300 ਕਰੋੜ ਖ਼ਰਚਣ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਕੰਮ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੀ ਪੀੜੀ ਨੂੰ ਸਿਹਤਮੰਦ ਅਤੇ ਸਿੱਖਿਅਤ ਬਣਾਇਆ ਜਾ ਸਕੇ। ਉਨ੍ਹਾਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਕੰਮ 'ਤੇ ਕਿੰਤੂ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਨੇ ਆਪਣੇ ਹਲਕਿਆਂ ਦੀ ਬਿਹਤਰੀ ਲਈ ਕੀ ਕੀਤਾ ਹੈ ? ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚਣ ਕਿ ਕਿਸੇ ਸੰਸਦ ਮੈਂਬਰ ਨੇ ਆਪਣੇ ਹਲਕੇ ਲਈ ਕੀ ਕੀਤਾ ਹੈ । ਇਸ ਮੌਕੇ ਨਰੇਸ਼ ਮੰਗੀ, ਕੌਂਸਲਰ ਦਰਸ਼ਨ ਕੁਮਾਰ ਦਰਸ਼ੀ, ਪੁਸ਼ਪਿੰਦਰ ਸ਼ਰਮਾ ਤੇ ਬਲਾਕ ਪ੍ਰਧਾਨ ਕੁਨਾਲ ਗਰਗ ਵੀ ਹਾਜ਼ਰ ਸਨ।