ਜੀ ਐੱਸ ਪੰਨੂ
ਪਟਿਆਲਾ, 30 ਅਪ੍ਰੈਲ 2019
ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਨੌਰ ਹਲਕੇ ਦੇ ਸਰਕਲ ਬਹਾਦਰਗੜ੍ਹ ਵਿਖੇ ਆਪਣੇ ਦਫਤਰ ਦਾ ਉਦਘਾਟਨ ਕੀਤਾ ਅਤੇ ਚੋਣ ਪ੍ਰਚਾਰ ਕਰਦਿਆਂ ਆਪਣੇ ਪੰਜ ਸਾਲਾਂ ਦਾ ਰਿਪੋਰਟ ਕਾਰਡ ਲੋਕਾਂ ਅੱਗੇ ਪੇਸ਼ ਕੀਤਾ। ਡਾ. ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਸਾਲਾਂ ਦਾ ਅਕਾਲੀ-ਦਲ ਬਾਦਲ ਰਾਜ ਅਤੇ ਢਾਈ ਸਾਲਾਂ ਦੀ ਸੱਤਾਧਾਰੀ ਕਾਂਗਰਸ ਦੀ ਕਾਰਗੁਜ਼ਾਰੀ, ਪੰਜਾਬ ਨੂੰ ਲੁੱਟ ਕੇ ਆਪਣਾ ਘਰ ਭਰਨ ਵਾਲੀ ਸਾਬਤ ਹੋਈ ਹੈ। ਇਹ ਦੋਵੇ ਰਾਜਸੀ ਅਤੇ ਧਨਾਢ ਪਰਿਵਾਰ ਇੱਕ ਦੂਸਰੇ ਦੀ ਡਿੱਗਦੀ ਸਾਖ ਨੂੰ ਬਚਾਉਣ ਲਈ ਪੱਬਾ ਭਾਰ ਹੋਏ ਹਨ, ਜਿਸ ਲਈ ਇਹ ਇੱਕ ਦੂਸਰੇ ਨਾਲ ਫਰੈਡਲੀ ਮੈਚ ਖੇਡ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ ਪਿਛਲੇ ਢਾਈ ਸਾਲਾਂ ਦੋਰਾਨ ਕੀਤਾ ਗਿਆ ਵਰਤਾਰਾ ਬਹੁਤ ਹੀ ਮੰਦਭਾਗਾ ਹੈ ਅਤੇ ਕੁਰਸੀ ਦੇ ਲਾਲਚ ਵਿੱਚ ਪ੍ਰਸ਼ਾਂਤ ਕਿਸ਼ੋਰ ਦੇ ਮਗਰ ਲੱਗ ਕੇ ਕੈਪਟਨ ਅਮਰਿੰਦਰ ਨੇ ਜਿਹੜੇ 9 ਨੁਕਤਿਆਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਉਹ 9 ਨੂੰ ਨੁਕਤੇ ਤਾਂ ਦੂਰ, ਕੈਪਟਨ ਅਮਰਿੰਦਰ ਹੀ ਪੰਜਾਬ ਤੋਂ ਦੂਰ ਹੋ ਗਏ ਹਨ ਅਤੇ ਕਦੇ-ਕਦਾਰ ਚੋਣਾਂ ਵੇਲੇ ਦਿੱਖ ਪੈਂਦੇ ਹਨ।
ਡਾ. ਗਾਂਧੀ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਕਾਰਗੁਜ਼ਾਰੀ ਵੀ ਨਖਿੱਧ ਸਾਬਤ ਹੋਈ ਹੈ ਅਤੇ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਇਹਨਾਂ ਦੋਵੇ ਪਰਿਵਾਰਾਂ ਨੂੰ ਮੂੰਹ ਨਹੀਂ ਲਗਾ ਰਹੇ ਅਤੇ 19 ਮਈ ਦੀ ਉਡੀਕ ਵਿੱਚ ਹਨ। ਡਾ. ਗਾਂਧੀ ਨੂੰ ਮੌਜੂਦ ਲੋਕਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਇਮਾਨਦਾਰ ਸਿਆਸਤ ਅਤੇ ਆਪਣੇ ਵਿਚੋਂ ਆਪਣੇ ਵਰਗਾਂ ਨੁਮਾਇਦਾ ਹੀ ਚੁਣਨਗੇ ਜਿਹੜਾ ਕੀ ਉਹਨਾਂ ਦੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ ਦੀ ਸਮਝ ਰੱਖਦਾ ਹੋਵੇ ਨਾ ਕਿ ਧਨਾਢ ਸਿਆਸਤਦਾਨ ਜਿਨ੍ਹਾਂ ਦਾ ਧਿਆਨ ਪੰਜਾਬ ਵੱਲ ਨਹੀਂ ਬਲਕਿ ਆਪਣੇ ਘਰ ਭਰਨ ਵਿੱਚ ਹੋਵੇ।