ਫਿਰੋਜ਼ਪੁਰ 18 ਮਈ (ਗੁਰਿੰਦਰ ਸਿੰਘ) ਸਥਾਨਕ ਆਰ.ਟੀ.ਏ ਦਫਤਰ ਅੰਦਰ ਕਥਿਤ ਭ੍ਰਿਸ਼ਟਚਾਰ ਦੇ ਚੱਲਦਿਆਂ ਸਰਕਾਰੀ ਬਾਬੂਆਂ ਵੱਲੋਂ ਸਰਕਾਰੀ ਖਜ਼ਾਨੇ ਨੂੰ ਵੱਡੇ ਪੱਧਰ 'ਤੇ ਲਾਏ ਜਾ ਰਹੇ ਚੂਨੇ ਦੀਆਂ ਪਰਤਾਂ ਖੁੱਲ੍ਹ ਕੇ ਸਾਹਮਣੇ ਆਉਣ ਲੱਗੀਆਂ ਹਨ। ਪਿਛਲੇ ਦਿਨੀਂ ਇੱਕ ਟਰਾਂਸਪੋਰਟਰ ਵੱਲੋਂ ਦਫਤਰ ਅੰਦਰ ਹੋ ਰਹੇ ਘਪਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਤੋੋਂ ਬਾਅਦ ਹਰਕਤ ਵਿੱਚ ਆਏ ਟਰਾਂਸਪੋਰਟ ਦਫਤਰ ਵੱਲੋਂ ਕਰਵਾਈ ਜਾ ਰਹੀ ਜਾਂਚ ਦੇ ਪਹਿਲੇ ਪੜਾਅ ਵਿੱਚ ਹੀ ਵੱਡੀਆਂ ਧਾਂਦਲੀਆਂ ਸਾਹਮਣੇ ਆਈਆਂ ਹਨ । ਜਿਨ੍ਹਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਹੀ ਸੀਟ ਨੂੰ ਜੱਫਾ ਮਾਰੀ ਬੈਠੇ ਬਾਬੂ ਵੱਲੋਂ ਬਗੈਰ ਟੈਕਸਾਂ ਤੋਂ ਹੀ ਕਮਰਸ਼ੀਅਲ ਵਾਹਨਾਂ ਦੀਆਂ ਦੂਸਰੇ ਰਾਜਾਂ/ਜ਼ਿਲਿਆਂ ਨੂੰ ਨਾ-ਇਤਰਾਜ਼ ਸਰਟੀਫਿਕੇਟ (ਐਨ.ਓ.ਸੀਜ਼) ਜਾਰੀ ਕਰਕੇ ਸਰਕਾਰੀ ਖਜ਼ਾਨੇ ਨੂੰ ਵੱਡੀ ਢਾਹ ਲਾਈ ਹੈ।
ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਨਾਂ ਦੇ ਟਰਾਂਸਪੋਰਟਰ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਨੂੰ ਸਥਾਨਕ ਆਰ.ਟੀ.ਏ ਦਫਤਰ ਵਿੱਚ ਜਾਣ ਬੁੱਝ ਕੇ ਸਰਕਾਰੀ ਖਜ਼ਾਨੇ ਨੂੰ ਲਾਏ ਜਾ ਰਹੇ ਰਗੜੇ ਸਬੰਧੀ ਕੀਤੀ ਸ਼ਿਕਾਇਤ 'ਤੇ ਆਰ.ਟੀ.ਏ ਫਿਰੋਜ਼ਪੁਰ ਵੱਲੋਂ ਸੈਕਸ਼ਨ ਅਫਸਰ ਨੂੰ ਇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਸੈਕਸ਼ਨ ਅਫਸਰ ਵੱਲੋਂ ਆਨ ਲਾਈਨ ਰਿਕਾਰਡ ਦੀ ਕੀਤੀ ਜਾ ਰਹੀ ਜਾਂਚ ਦੇ ਪਹਿਲੇ ਪੜਾਅ ਵਿੱਚ ਹੀ ਵੱਡੀ ਗਿਣਤੀ ਵਿੱਚ ਅਜਿਹੇ ਕੇਸ ਸਾਹਮਣੇ ਆ ਗਏ ਹਨ ਜਿਹਨਾਂ ਵਿੱਚ ਸਬੰਧਤ ਬਾਬੂ ਵੱਲੋਂ ਆਪਣੇ ਨਿੱਜੀ ਸੁਆਰਥ ਨੂੰ ਪਹਿਲ ਦਿੰਦਿਆਂ ਬਿਨਾਂ ਟੈਕਸ ਦੇ ਕਮਰਸ਼ੀਅਲ ਵਾਹਨਾਂ ਨੂੰ ਐਨ.ਓ.ਸੀ ਜਾਰੀ ਕਰਕੇ ਜਿਥੇ ਦੂਜੇ ਰਾਜਾਂ/ਜ਼ਿਲਿਆਂ ਨੂੰ ਭੇਜ ਦਿੱਤਾ ਗਿਆ ਹੈ ਉੱਥੇ ਸਰਕਾਰੀ ਖਜ਼ਾਨੇ ਨੂੰ ਵੀ ਲੱਖਾਂ ਰੁਪਏ ਦਾ ਰਗੜਾ ਲਾਇਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਬਾਬੂ ਦਾ ਪਿਛਲਾ ਡੀ.ਟੀ.ਓ ਦਫਤਰ ਮੋਗਾ ਦਾ ਰਿਕਾਰਡ ਵੀ ਧਾਂਦਲੀਆਂ ਭਰਿਆ ਰਿਹਾ ਹੈ। ਇਸ ਬਾਬੂ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਘੁਟਾਲੇ ਦੀ ਜਾਂਚ ਵੀ ਵਿਜੀਲੈਂਸ ਵਿਭਾਗ ਪਾਸ ਵਿਚਾਰ ਅਧੀਨ ਹੈ। ਸਕੱਤਰ ਆਰ.ਟੀ.ਏ ਫਿਰੋਜ਼ਪੁਰ ਤਰਲੋਚਨ ਸਿੰਘ ਸਹੋਤਾ ਨੇ ਉਕਤ ਜਾਂਚ 'ਚ ਸਾਹਮਣੇ ਆਏ ਘਪਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਨ ਲਾਈਨ ਰਿਕਾਰਡ ਦੀ ਜਾਂਚ ਵਿੱਚ ਊਣਤਾਈਆਂ ਸਾਹਮਣੇ ਆਈਆਂ ਹਨ, ਜਿਹਨਾਂ ਦਾ ਖਜ਼ਾਨਾ ਦਫਤਰ ਨਾਲ ਮਿਲਾਨ ਕੀਤਾ ਜਾਵੇਗਾ ਜਦਕਿ ਬਾਕੀ ਰਿਕਾਰਡ ਦੀ ਵੀ ਬਰੀਕੀ ਨਾਲ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ