ਮਾਨਸਾ 23 ਜੂਨ 2019 - ਮਾਨਸਾ ਜਿਲ੍ਹੇ ਵਿੱਚ ਪੈਂਦੇ ਪਿੰਡ ਘਰਾਂਗਣਾ ਤੋਂ ਮਜ਼ਦੂਰ ਆਗੂ ਮਲਕੀਤ ਸਿੰਘ ਦੀ ਪੁੱਤਰੀ ਬੀਰਪਾਲ ਕੌਰ ਦਾ ਵਿਆਹ ਸਿਰਸਾ ਜਿਲ੍ਹੇੇ ਦੇ ਪਿੰਡ ਮਾਂਗੇਆਣਾ ਤਹਿਸੀਲ ਡੱਬਵਾਲੀ ਵਿਖੇ ਤਕਰੀਬਨ 4 ਸਾਲ ਪਹਿਲਾਂ ਕੇਵਲ ਸਿੰਘ ਪੁੱਤਰ ਸਵਰਾਜ ਸਿੰਘ ਕੌਮ ਰਾਮਦਾਸੀਆ ਸਿੱਖ ਦੇ ਨਾਲ ਹੋਇਆ ਸੀ। ਲੜਕੀ ਦੇ ਪਿਤਾ ਮਲਕੀਤ ਸਿੰਘ ਨੇ ਵਿਆਹ ਸਮੇਂ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਹੇਜ ਦਾ ਸਮਾਨ ਦਿੱਤਾ ਸੀ। ਪਰ ਵਿਆਹ ਤੋਂ ਕੁੱਝ ਮਹੀਨੇ ਬਾਅਦ ਹੀ ਬੀਰਪਾਲ ਕੌਰ ਨੂੰ ਉਸਦਾ ਸਹੁਰਾ ਸਵਰਾਜ ਸਿੰਘ, ਪਤੀ ਕੇਵਲ ਸਿੰਘ ਅਤੇ ਸੱਸ ਉਸਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਇਸ ਸਬੰਧ ਵਿੱਚ ਕਈ ਵਾਰ ਪੰਚਾਇਤਾਂ ਵੀ ਕੀਤੀਆਂ ਗਈਆਂ ਪਰ ਫਿਰ ਵੀ ਸਹੁਰੇ ਪਰਿਵਾਰ ਦੇ ਵਤੀਰੇ ਵਿੱਚ ਕੋਈ ਬਦਲਾਅ ਨਾ ਆਇਆ।
ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਮਜ਼ਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਆਗੂ ਬਲਵਿੰਦਰ ਸਿੰਘ ਘਰਾਂਗਣਾ ਨੇ ਦੱਸਿਆ ਕਿ ਪਿਛਲੇ ਦਿਨੀਂ 16 ਜੂਨ ਨੂੰ ਬੀਰਪਾਲ ਕੌਰ ਦਾ ਉਸ ਦੇ ਸਹੁਰੇ ਪਰਿਵਾਰ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕਰਕੇ (ਹਾਲਾਂਕਿ ਉਹ 5 ਮਹੀਨੇ ਦੀ ਗਰਭਵਤੀ ਸੀ) ਅਤੇ ਲਾਸ਼ ਛੱਤ ਦੇ ਰਾਡ ਨਾਲ ਲਟਕਾ ਦਿੱਤੀ ਗਈ ਤਾਂ ਕਿ ਇਸਨੂੰ ਆਤਮਹੱਤਿਆ ਦੀ ਰੰਗਤ ਦਿੱਤੀ ਜਾ ਸਕੇ। ਪਰ ਜਦੋਂ ਬੀਰਪਾਲ ਕੌਰ ਦੇ ਪੇਕੇ ਪਰਿਵਾਰ ਦੇ ਮੈਂਬਰ ਉੱਥੇ ਪਹੁੰਚੇ ਤਾਂ ਦੇਖਿਆ ਕਿ ਲੜਕੀ ਦੇ ਗਲੇ ’ਤੇ ਕੈਂਚੀ ਨਾਲ ਜ਼ਖਮ ਕੀਤੇ ਹੋਏ ਸਨ ਅਤੇ ਉਸਦੇ ਮੂੰਹ ਵਿੱਚ ਚੁੰਨੀ ਜਬਰਦਸਤੀ ਫਸਾਈ ਹੋਈ ਸੀ ਤਾਂ ਕਿ ਲੜਕੀ ਦੀ ਆਵਾਜ਼ ਨਾ ਨਿਕਲ ਸਕੇ। ਇਸ ਸਭ ਤੋਂ ਸਪਸ਼ਟ ਸੀ ਲੜਕੀ ਦਾ ਕਤਲ ਕਰਕੇ ਲਾਸ਼ ਨੂੰ ਛੱਤ ਨਾਲ ਟੰਗ ਦਿੱਤਾ ਗਿਆ ਹੈ। ਇਸ ਵਾਕੇ ਦੀ ਥਾਣਾ ਸਦਰ ਡੱਬਵਾਲੀ ਵਿਖੇ ਐਫ.ਆਈ.ਆਰ. ਨੰ: 141 ਅਧੀਨ ਧਾਰਾ 304ਬੀ/34 ਆਈਪੀਸੀ ਦੇ ਤਹਿਤ ਦਰਜ਼ ਕੀਤੀ ਗਈ ਹੈ ਹਾਲਾਂਕਿ ਇਹ ਸਿੱਧਾ ਕਤਲ ਦਾ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਬੀਰਪਾਲ ਕੌਰ ਦੇ ਕਾਤਲ ਅਜੇ ਵੀ ਸ਼ਰ੍ਹੇਆਮ ਘੁੰਮ ਰਹੇ ਹਨ ਅਤੇ ਪੁਲਿਸ ਨੇ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ। ਇਸ ਸਬੰਧ ਵਿੱਚ ਪੀੜ੍ਹਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਤੇ ਪੁਲਿਸ ਦੇ ਕਾਤਲਾਂ ਪ੍ਰਤੀ ਪੱਖਪਾਤੀ ਰਵੱਈਏ ਦੇ ਵਿਰੋਧ ਵਿੱਚ ਸੀਪੀਆਈ (ਐਮ.ਐਲ.) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿੱਚ ਪੀੜ੍ਹਿਤ ਪਰਿਵਾਰ ਦੇ ਘਰ ਵਿਖੇ ਵਿਹੜੇ ਦਾ ਇਕੱਠ ਕੀਤਾ ਗਿਆ। ਇਸ ਮੌਕੇ ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਤਹਿਸੀਲ ਆਗੂ ਸੁਖਜੀਤ ਸਿੰਘ ਰਾਮਾਂਨੰਦੀ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਆਗੂ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾ ਨੇ ਕਿਹਾ ਕਿ ਪਾਰਟੀ ਅਤੇ ਜਥੇਬੰਦੀ ਪੁਲਿਸ ਦੇ ਇਸ ਪੱਖਪਾਤੀ ਰਵੱਈਏ ਦਾ ਸਖਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਜਲਦੀ ਤੋਂ ਜਲਦੀ ਬੀਰਪਾਲ ਕੌਰ ਦੇ ਕਾਤਿਲਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸੀਪੀਆਈ (ਐਮ.ਐਲ.) ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮ੍ਰਿਤਕ ਲੜਕੀ ਦੇ ਭੋਗ ਤੋਂ ਬਾਦ ਥਾਣਾ ਸਦਰ ਡੱਬਵਾਲੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਅੰਗਰੇਜ਼ ਸਿੰਘ ਘਰਾਂਗਣਾ, ਮਜ਼ਦੂਰ ਆਗੂ ਬਿੱਕਰ ਸਿੰਘ, ਨੌਜਵਾਨ ਆਗੂ ਕੁਲਦੀਪ ਘਰਾਂਗਣਾ, ਸਾਬਕਾ ਪੰਚ ਸੁਖਦੇਵ ਕੌਰ, ਕਰਮਜੀਤ ਕੌਰ, ਸੁਰਜੀਤ ਕੌਰ , ਗੁਰਮੇਲ ਕੌਰ, ਦੀਪ ਸਿੰਘ ਅਤੇ ਕਾਕਾ ਸਿੰਘ ਆਦਿ ਹਾਜ਼ਰ ਸਨ।