ਮੋਗਾ, 27 ਜੂਨ 2019 - ਮੋਗਾ ਦੇ ਪਿੰਡ ਚੜਿਕ ਵਿਖੇ ਔਰਤਾਂ ਵਿੱਚ ਜੋੜਾਂ ਦੇ ਦਰਦਾਂ ਅਤੇ ਹੱਡੀਆਂ ਦੀਆਂ ਬਿਮਾਰੀਆਂ ਸਬੰਧੀ ਪਾਈ ਜਾਣ ਵਾਲੀ ਔਸਟੀਓਪਰੋਸਿਸ ਦੀ ਬਿਮਾਰੀ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਗੋਲਡ ਹੈਲਪ ਲਾਈਨ ਸੰਸਥਾ ਵਲੋਂ ਕੈਂਪ ਆਯੋਜਿਤ ਕੀਤੇ ਗਏ। ਜਿਸ ਵਿੱਚ ਡਾ.ਨੈਬ ਸਿੰਘ ਵਲੋਂ ਯੋਗਾ, ਪ੍ਰਾਣਾਯਾਮ ਅਤੇ ਯੋਗ ਮੁਦਰਾਵਾਂ ਰਾਹੀਂ ਇਸ ਬਿਮਾਰੀ ਤੋਂ ਬਚਣ ਲਈ ਔਰਤਾਂ ਨੂੰ ਜਾਗਰੂਕ ਕੀਤਾ ਅਤੇ ਔਰਤਾਂ ਨੂੰ ਆਸਣ ਕਰਵਾਏ ਗਏ। ਖਾਣਾ ਖਾਣ ਤੋਂ ਬਾਅਦ ਬਜਰ ਆਸਣ ਵਿੱਚ ਬੈਠਣ ਨਾਲ ਖਾਣਾ ਤੁਰੰਤ ਹਜ਼ਮ ਹੋ ਜਾਂਦਾ ਹੈ। ਜਿਸ ਨਾਲ ਹੱਡੀਆਂ ਨੂੰ ਲੋੜੀਂਦੇ ਪੌਸ਼ਟਿਕ ਤੱਤ ਸਰੀਰ ਵਿੱਚ ਠੀਕ ਮਾਤਰਾ ਵਿੱਚ ਬਣਨ ਲਗਦੇ ਹਨ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਆਲਸੀ ਅਤੇ ਸੁਸਤ ਜੀਵਨ ਹੀ ਇਸ ਬਿਮਾਰੀ ਦਾ ਕਾਰਨ ਹੈ। ਖਾਣੇ ਵਿੱਚ ਛਿਲਕੇ ਵਾਲੀਆਂ ਦਾਲਾਂ ਅਤੇ ਸਲਾਦ , ਸਬਜ਼ੀਆਂ ਅਤੇ ਫਲਾਂ ਨੂੰ ਸ਼ਾਮਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ।
ਡਾ. ਬਲਬੀਰ ਸਿੰਘ ਵਲੋਂ ਫੀਜੀਓਥਰੈਪੀ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਥਰੈਪੀ ਨੂੰ ਅਪਣਾਕੇ ਅਸੀਂ ਦਰਦ ਨਿਵਾਰਕ ਦਵਾਈਆਂ ਦੇ ਦੁਸ਼ ਪ੍ਰਭਾਵ ਤੋਂ ਬਚ ਸਕਦੇ ਹਾਂ। ਔਸਟੀਓਪਰੋਸਿਸ ਦੀ ਬਿਮਾਰੀ ਤੋਂ ਇਸਤਰੀ ਲਿੰਗ, ਵੱਧ ਉਮਰ ਵਾਲੇ ਵਿਅਕਤੀ, ਘੱਟ ਵਜਨ ਵਾਲੇ ਵਿਅਕਤੀ, ਥਾਇਰਡ ਅਤੇ ਪੈਰਾਥਾਇਰਡ ਹਾਰਮੋਨ ਦੀ ਵੱਧ ਮਾਤਰਾ ਨਸ਼ਿਆ ਦੀ ਵਰਤੋਂ ਕਰਨ ਵਾਲੇ ਅਤੇ ਅਸੰਤੁਲਿਤ ਭੋਜਨ ਕਰਨ ਵਾਲੇ ਵਿਅਕਤੀ ਜਿਆਦਾ ਪ੍ਰਭਾਵਿਤ ਹੁੰਦੇ ਹਨ।
ਡਾ. ਪ੍ਰੀਤਮ ਸਿੰਘ ਵਲੋਂ ਔਰਤਾਂ ਨੂੰ ਹਰ ਰੋਜ਼ ਇੱਕ ਗਿਲਾਸ ਦੁੱਧ ਦਾ ਪੀਣ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਕਰਨੀ, 30 ਮਿੰਟ ਦੀ ਕਸਰਤ ਜਿਸ ਵਿੱਚ ਸੈਰ, ਕੋਈ ਖੇਡ ਖੇਡਣਾ ਜਾਂ ਯੋਗਾ ਕਰਨ ਬਾਰੇ ਔਰਤਾਂ ਨੂੰ ਪ੍ਰੇਰਿਆ ਗਿਆ ਅਤੇ ਹਰ ਰੋਜ਼ 30 ਮਿੰਟ ਸੂਰਜ ਚੜਨ ਸਮੇਂ ਸਾਰੇ ਸਰੀਰ ਨੂੰ ਧੁੱਪ ਲਗਾਉਣਾ ਜਿਸ ਨਾਲਵਿਟਾਮਿਨ ਡੀ-3 ਪ੍ਰਾਪਤ ਹੁੰਦਾ ਹੈ ਜਿਸ ਨਾਲ ਕੈਲਸ਼ੀਅਮ ਦੀ ਪੌਸ਼ਟਿਕਤਾ ਹੱਡੀਆਂ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੀ ਹੈ ਅਤੇ ਮਹਿਲਾਵਾਂ ਵਿੱਚ ਮੀਨੋਪੋਜ਼ 40-45 ਸਾਲ ਦੀ ਉਮਰ ਤੋਂ ਵੱਧ ਦਰਦਾਂ ਤੋਂ ਨਿਜਾਤ ਪਾਉਣ ਵਿੱਚ ਸਹਾਈ ਹੁੰਦੀ ਹੈ। ਡਾ. ਪ੍ਰੀਤਮ ਸਿੰਘ ਵਲੋਂ ਮੈਡੀਟੇਸ਼ਨ ਕਰਵਾਕੇ ਔਰਤਾਂ ਵਿੱਚ ਮਾਨਸਿਕ ਸੰਤੁਲਨ ਬਣਾਕੇ ਸਿਰ ਦਰਦ ਅਤੇ ਸਰੀਰਕ ਦਰਦਾਂ ਤੋਂ ਨਿਜਾਤ ਪਾਉਣ ਬਾਰੇ ਜਾਗਰੂਕ ਕੀਤਾ।
ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਕੈਂਪ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਔਰਤਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਣਗੇ। ਇਸ ਕੈਂਪ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਆਂਗਣਵਾੜੀ ਵਰਕਰ ਅਤੇ ਹੈਲਪਰ ਮਿਸਜ ਰਾਣੀ, ਪਰਮਜੀਤ ਕੌਰ, ਸਰਬਜੀਤ ਕੌਰ , ਸੰਦੀਪ ਕੌਰ, ਹਰਦੀਪ ਕੌਰ ਜਸਵਿੰਦਰ ਕੌਰ, ਸਿੰਦਰਪਾਲ, ਕਮਲਦੀਪ ਅਤੇ ਚਰਨਜੀਤ ਨੇ ਸ਼ਮੂਲੀਅਤ ਕੀਤੀ। ਪਿੰਡ ਦੇ ਸਰਪੰਚ ਗੁਰਚਰਨ ਸਿੰਘ ਵਲੋਂ ਸੰਸਥਾ ਦੇ ਨੁਮਾਇੰਦਿਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਅਜਿਹੇ ਹੋਰ ਕੈਂਪ ਲਾਉਣ ਲਈ ਬੇਨਤੀ ਕੀਤੀ।