ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 11 ਜੁਲਾਈ 2019 - ਦੀ ਆਰਟਸ ਐਾਡ ਕਲਚਰਲ ਹੈਰੀਟੇਜ ਟਰੱਸਟ (ਟੀ. ਏ. ਏ. ਸੀ. ਐਚ. ਟੀ.) ਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੌਰ 'ਤੇ ਸਥਾਨਕ ਟਾਊਨ ਹਾਲ ਦੀ ਇਮਾਰਤ 'ਚ ਜਲ੍ਹਿਆਂਵਾਲਾ ਬਾਗ਼ ਸਾਕੇ ਦਾ ਇਤਿਹਾਸ ਬਿਆਨ ਕਰਦੀ ਸਾਕੇ ਨਾਲ ਸਬੰਧਿਤ ਦੁਰਲੱਭ ਤਸਵੀਰਾਂ, ਦਸਤਾਵੇਜ਼ਾਂ ਤੇ ਯਾਦਗਾਰੀ ਵਸਤੂਆਂ ਦੀ ਪ੍ਰਦਰਸ਼ਨੀ ਅੱਜ ਤੋਂ ਸ਼ੁਰੂ ਕੀਤੀ ਗਈ, ਜੋ 31 ਜੁਲਾਈ ਤੱਕ ਜਾਰੀ ਰਹੇਗੀ।
ਟਾਊਨ ਹਾਲ ਦੇ ਹਾਲ ਤੇ ਗੈਲਰੀਆਂ 'ਚ ਲਗਾਈ ਇਸ ਅਸਥਾਈ ਪ੍ਰਦਰਸ਼ਨੀ 'ਚ ਉਸ ਸਮੇਂ ਦਾ ਹਾਲ ਬਿਆਨ ਕਰਦੀਆਂ ਕੈਮਰਾ ਤਸਵੀਰਾਂ, ਅਖ਼ਬਾਰਾਂ ਦੀਆਂ ਖ਼ਬਰਾਂ ਤੇ ਅੰਗਰੇਜ਼ੀ ਪੁਲਿਸ ਦੁਆਰਾ ਕ੍ਰਾਂਤੀਕਾਰੀਆਂ ਵਿਰੁੱਧ ਦਰਜ ਕੀਤੀਆਂ ਐਫ. ਆਈ. ਆਰ. ਰੱਖੀਆਂ ਗਈਆਂ ਹਨ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਮੇਅਰ ਅੰਮ੍ਰਿਤਸਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ। ਇਸ ਮੌਕੇ ਪੀ. ਐਚ. ਟੀ. ਪੀ. ਬੀ. ਅੰਮ੍ਰਿਤਸਰ ਦੇ ਪ੍ਰਾਜੈਕਟ ਮੈਨੇਜਰ ਏ. ਆਰ. ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਪਾਰਟੀਸ਼ਨ ਮਿਊਜ਼ੀਅਮ ਦੀ ਮੈਨੇਜਰ ਬੀਬੀ ਰਾਜਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਸਾਕਾ ਆਪਣੇ ਆਪ 'ਚ ਦੇਸ਼ ਦੀ ਆਜ਼ਾਦੀ ਦੀ ਨੀਂਹ ਸੀ ਤੇ ਇਸ ਤੋਂ ਬਾਅਦ ਹੀ ਕਈ ਹੋਰ ਵੱਡੇ ਅੰਦੋਲਨ ਸ਼ੁਰੂ ਹੋਏ ਜਿਨ੍ਹਾਂ ਨੇ ਤਤਕਾਲੀ ਬਰਤਾਨੀਆ ਸਰਕਾਰ ਦੀਆਂ ਨੀਂਹਾਂ ਹਿਲਾ ਦਿੱਤੀਆਂ।