ਮਾਰਕਫੈੱਡ ਦੇ ਪ੍ਰਬੰਧ ਨਿਰਦੇਸ਼ਕ, ਸ੍ਰੀ ਵਰੁਣ ਰੂਜ਼ਮ, ਆਈ.ਏ.ਐਸ., ਐਗਰੋ ਕੈਮੀਕਲ ਪਲਾਂਟ, ਮੋਹਾਲੀ ਵਿਖੇ ਮਾਰਕਫੈੱਡ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਪਲਾਂਟ ਦੇ ਅਧਿਕਾਰੀਆਂ ਨਾਲ, ਨਾਲ ਖੜੇ ਹਨ ਮਾਰਕਫੈੱਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.) ਸ੍ਰੀ ਬਾਲ ਮੁਕੰਦ ਸ਼ਰਮਾ, (ਸੱਜੇ) ਅਤੇ ਸ੍ਰੀ ਐਮ.ਪੀ.ਐਸ. ਬਰਾੜ, ਸੀਨੀਅਰ ਮੈਨੇਜਰ, ਮਾਰਕਫੈੱਡ (ਖੱਬੇ)|
ਚੰਡੀਗੜ੍ਹ 16 ਜੁਲਾਈ 2019 : ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ, ਸ: ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਆਦੇਸ਼ਾਂ ਤਹਿਤ ਮਾਰਕਫੈੱਡ ਵਲੋਂ ਪੰਜਾਬ ਦੇ ਵਾਤਾਵਰਣ ਨੂੰ ਹੋਰ ਸ਼ੁੱਧ ਬਣਾਉਣ ਅਤੇ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਜੀ ਦੇ ਵਿਸ਼ੇਸ਼ ਪ੍ਰੋਜੈਕਟ 'ਤੰਦਰੁਸਤ ਪੰਜਾਬ' ਵਿੱਚ ਆਪਣਾ ਯੋਗਦਾਨ ਪਾਉਣ ਲਈ ਮਾਰਕਫੈੱਡ ਨੇ ਰੁੱਖ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਹੈ| ਪਿਛਲੇ ਦਿਨੀਂ ਇਸ ਸਬੰਧ ਵਿੱਚ ਮਾਰਕਫੈੱਡ, ਮੁੱਖ ਦਫਤਰ ਵਿਖੇ ਸਮੂਹ ਜਿਲ੍ਹਾ ਅਧਿਕਾਰੀਆਂ ਅਤੇ ਜਨਰਲ ਮੈਨੇਜਰਾਂ ਦੀ ਮੀਟਿੰਗ ਵਿੱਚ ਚੇਅਰਮੈਨ ਮਾਰਕਫੈੱਡ, ਸ: ਅਮਰਜੀਤ ਸਿੰਘ ਸਮਰਾ ਅਤੇ ਪ੍ਰਬੰਧ ਨਿਰਦੇਸ਼ਕ, ਮਾਰਕਫੈੱਡ ਸ੍ਰੀ ਵਰੁਣ ਰੂਜ਼ਮ, ਆਈ.ਏ.ਐਸ. ਨੇ ਹਰ ਅਧਿਕਾਰੀ ਨੂੰ ਇਹ ਟੀਚਾ ਦਿੰਦੇ ਹੋਏ ਆਦੇਸ਼ ਜਾਰੀ ਕੀਤੇ ਕਿ 31 ਜੁਲਾਈ 2019 ਤੱਕ ਇਹ ਰੁੱਖ ਲਗਾਉਣ ਦਾ ਕਾਰਜ ਮੁਕੰਮਲ ਕਰ ਲਿਆ ਜਾਵੇ|
ਇਸੇ ਕੜ੍ਹੀ ਵਿੱਚ ਮਾਰਕਫੈੱਡ ਦੇ ਪ੍ਰਬੰਧ ਨਿਰਦੇਸ਼ਕ, ਸ੍ਰੀ ਵਰੁਣ ਰੂਜ਼ਮ, ਆਈ.ਏ.ਐਸ. ਨੇ ਮਾਰਕਫੈੱਡ ਦੇ ਐਗਰੋ ਕੈਮੀਕਲ ਪਲਾਂਟ, ਮੋਹਾਲੀ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਅਤੇ ਪ੍ਰੈਸ ਦੇ ਨਾਂ ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਮੁਹਿੰਮ ਜਿੱਥੇ ਵਾਤਾਵਰਨ ਦੀ ਸ਼ੁੱਧੀ ਵਿੱਚ ਆਪਣਾ ਯੋਗਦਾਨ ਪਾਵੇਗੀ, ਉੱਥੇ ਮਾਰਕਫੈੱਡ ਦੇ ਕਾਰਖਾਨਿਆਂ, ਗੁਦਾਮਾਂ ਅਤੇ ਸ਼ਾਖਾ ਦਫਤਰਾਂ ਵਿੱਚ ਫਲਦਾਰ ਬੂਟੇ ਵੀ ਲਾਏ ਜਾਣਗੇ|
ਇਸ ਮੌਕੇ ਤੇ ਸ੍ਰੀ ਬਾਲ ਮੁਕੰਦ ਸ਼ਰਮਾ, ਵਧੀਕ ਪ੍ਰਬੰਧ ਨਿਰਦੇਸ਼ਕ (ਡੀ.), ਸ੍ਰੀ ਐਮ.ਪੀ.ਐਸ. ਬਰਾੜ, ਸੀਨੀਅਰ ਮੈਨੇਜਰ, ਮਾਰਕਫੈੱਡ, ਸ੍ਰੀਮਤੀ ਦਮਨਪ੍ਰੀਤ ਕੌਰ, ਉੱਚ ਲੇਖਾ ਅਫਸਰ ਨੇ ਵੀ ਇੱਕ ਇੱਕ ਰੁੱਖ ਲਗਾ ਦੇ ਆਪਣਾ ਯੋਗਦਾਨ ਪਾਇਆ|