ਚੋਧਰੀ ਮਨਸੂਰ ਘਨੋਕੇ
ਕਾਦੀਆਂ 12 ਅਗਸਤ 2019 : ਅੱਜ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਈਦ ਓੱਲ ਅਜਹਾ ਦੀ ਨਮਾਜ ਅਦਾ ਕੀਤੀ ਗਈ । ਇਸ ਮੌਕੇ ਕਾਦੀਆਂ ਅਤੇ ਆਸ ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ ਈਦ ਅਦਾ ਕਰਨ ਲਈ ਪਹੰਚੇ ।
ਇਸ ਮੌਕੇ ਅੱਜ ਨਮਾਜ ਈਦ ਜਮਾਤ ਅਹਿਮਦੀਆ ਦੇ ਮੁੱਖ ਸਕੱਤਰ ਮੌਲਾਨਾ ਮੁਹੰਮਦ ਇਨਾਮ ਗੌਰੀ ਨੇ ਅਦਾ ਕਰਵਾਈ । ਈਦ ਦਾ ਖੁਤਬਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੱਜ ਇਰਕਾਨੇ ਇਸਲਾਮ ਦਾ ਪੰਜਵਾਂ ਰੁਕਨ ਹੈ । ਹਰ ਸਮਰਥਾ ਰੱਖਣ ਵਾਲੇ ਮੁਸਲਮਾਨ ਦੇ ਲਈ ਆਪਣੀ ਜ਼ਿੰਦਗੀ ਦੇ ਵਿਚ ਇਕ ਵਾਰ ਹੱਜ ਬੈਤੁਲਾਹ ਦੀ ਅਦਾਇਗੀ ਕਰਨਾ ਫਰਜ ਹੈ ।
ਇਹ ਈਦ ਕੁਰਬਾਨੀ ਵਾਲੀ ਈਦ ਦੇ ਨਾਂਅ ਤੋਂ ਵੀ ਜਾਣੀ ਜਾਂਦੀ ਹੈ । ਹਜਰਤ ਇਬਰਾਹੀਮ ਅਲੈਹਸਲਾਮ ਅਤੇ ਆਪ ਜੀ ਦੀ ਪਤਨੀ ਹਜਰਤ ਹਾਜਰਾ ਅਤੇ ਬੇਟੇ ਹਜਰਤ ਇਸਮਾਈਲ ਦੀ ਕੁਰਬਾਨੀ ਦੀ ਯਾਦ ਵਿਚ ਅਸੀਂ ਈਦ ਕੁਰਬਾਨ ਮਨਾਓਂਦੇ ਹਾਂ ਅਤੇ ਹੱਜ ਅਦਾ ਕਰਦੇ ਹਾਂ ।
ਕੁਰਾਨ ਮਜੀਦ ਸਾਨੂੰ ਦੱਸਦਾ ਹੈ ਕਿ ਜਾਹਰੀ ਕੁਰਬਾਨੀ ਦਾ ਗੋਸ਼ਤ ਅਤੇ ਓਸ ਦਾ ਖੂਨ ਅੱਲਾਹ ਤੱਕ ਨਹੀਂ ਪਹੁੰਚਦਾ ਹੈ ਬਲਕਿ ਕੁਰਬਾਨੀ ਕਰਨ ਵਾਲੇ ਦੀ ਨਿਯਤ ਅਤੇ ਮਖਲੂਕ ਖੁਦਾ ਦੀ ਹਮਦਰਦੀ ਦੇ ਲਈ ਓਸ ਦੇ ਦਿਲੀ ਜਜਬੇ ਦਾ ਅਮਲੀ ਇਜਹਾਰ ਅੱਲ੍ਹਾ ਤੱਕ ਪਹੰਚਦਾ ਹੈ । ਇਹ ਈਦ ,ਹੱਜ ਅਤੇ ਜਾਨਵਰਾਂ ਦੀਆਂ ਕੁਰਬਾਨੀਆਂ ਇਹ ਕੇਵਲ ਜਾਹਰੀ ਕੁਰਬਾਨੀਆਂ ਨਹੀਂ ਹਨ ਬਲਕਿ ਇਹ ਇਕ ਵੱਡੇ ਮਕਸਦ ਵੱਲ ਧਿਆਨ ਦਿਵਾਓਂਦੇ ਹਨ । ਅਤੇ ਓਹ ਮਕਸਦ ਅੱਲਾਹ ਦਾ ਹੱਕ ਅਦਾ ਕਰਨਾ ਅਤੇ ਓਸ ਦੀ ਮਖਲੂਕ ਦਾ ਹੱਕ ਅਦਾ ਕਰਨਾ ਹੈ ਅਤੇ ਇਹੀ ਦੋ ਹਕੂਕ ਹਨ ਜਿਹਨਾਂ ਨੂੰ ਕਾਇਮ ਕਰਨ ਦੇ ਲਈ ਅੱਲਾਹ ਤਾਲਾ ਨੇ ਜਾਹਰੀ ਕੁਰਬਾਨੀ ਦਾ ਹੁਕਮ ਦਿੱਤਾ ਹੈ । ਕੁਰਬਾਨੀ ਦੀ ਇਹ ਰੂਹ ਹਜਰਤ ਮੁਹੰਮਦ ਮੁਸਤਫਾ ਸਲੱਲਾਹੋ ਅਲੈਹ ਵਸਲਮ ਰਾਂਹੀ ਆਪਣੇ ਅਰੂਜ ਨੂੰ ਪਹੂੰਚੀ ਕਿ ਆਪ ਜੀ ਨੇ ਹਕੂਕ ਅੱਲਾਹ ਅਤੇ ਇਨਸਾਨਾਂ ਦੀ ਹਮਦਰਦੀ ਦੇ ਲਈ ਆਪਣੀ ਜਾਨ ਮਾਲ ਅਤੇ ਆਪਣੀ ਸਾਰੀ ਕੋਸ਼ਿਸ਼ਾਂ ਕੁਰਬਾਨ ਕਰ ਦਿਤੀਆਂ ।
ਈਦ ਓੱਲ ਅਜਹਾ ਦੇ ਇਹਨਾਂ ਪਵਿੱਤਰ ਦਿਨਾਂ ਵਿਚ ਮੁਸਲਮਾਨ ਇਹ ਅਹਿਦ ਕਰਦੇ ਹਨ ਕਿ ਜਿਸ ਤਰਾਂ ਅਸੀ ਜਾਹਰੀ ਕੁਰਬਾਨੀ ਕੀਤੀ ਹੈ ਓਸੇ ਤਰਾਂ ਅਸੀ ਅੱਲਾਹ ਦੇ ਹਕਾਂ ਦੀ ਅਦਾਇਗੀ ਅਤੇ ਮਖਲੂਕ ਖੂਦਾ ਦੀ ਹਮਦਰਦੀ ਲਈ ਹਰ ਤਰਾਂ ਦੀ ਕੁਰਬਾਨੀ ਦੇ ਲਈ ਤਿਆਰ ਰਹਾਂਗੇ ।
ਈਦ ਦੇ ਇਸ ਮੌਕੇ ਤੇ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ ਇਹੀ ਸੰਦੇਸ਼ ਹੈ ਕਿ ਅਸੀ ਆਪਣੀ ਖਾਹਿਸ਼ਾਂ ਨੂੰ ਕੁਰਬਾਨ ਕਰ ਕਿ ਬਿਨਾਂ ਧਾਰਮਿਕ ਭੇਦ ਭਾਵ ਦੇ ਦੂਸਰਿਆਂ ਦੇ ਹੱਕਾਂ ਦੀ ਅਦਾਇਗੀ ਨੂੰ ਆਪਣਾ ਫਰਜ ਸਮਝ ਲਵਾਂਗੇ ਤਾਂ ਈਦ ਮਨਾਓਣ ਦਾ ਸਾਡਾ ਮਕਸਦ ਪੂਰਾ ਹੋਵੇਗਾ । ਕਾਦੀਆਨ ਦਾਰੁਲਅਮਾਨ ਵਿਚ ਈਦ ਓਲ ਅਜਹਾ ਦੇ ਪਵਿਤਰ ਮੋਕੇ ਤੇ ਇਲਾਕੇ ਦੇ ਸਿਆਸੀ , ਸਮਾਜਿਕ ਅਤੇ ਹਿੰਦੂ ਸਿੱਖ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਵੀ ਆਪਣੇ ਮੁਸਲਿਮ ਭਰਾਵਾਂ ਨੂੰ ਗਲਵਕੜੀ ਪਾ ਕਿ ਈਦ ਦੀ ਮੁਬਾਰਕ ਬਾਦ ਦਿਤੀ ਅਤੇ ਆਪਣੀਆਂ ਨੇਕ ਖਾਹਿਸ਼ਾਂ ਦਾ ਇਜਹਾਰ ਕੀਤਾ ।
ਇਸ ਮੌਕੇ ਤੇ ਵਿਸ਼ਵ ਸ਼ਾਂਤੀ ਅਤੇ ਆਪਣੇ ਪਿਆਰੇ ਵਤਨ ਭਾਰਤ ਵਿਚ ਅਮਨ ਸ਼ਾਂਤੀ ਏਕਤਾ ਅਤੇ ਅਖੰਡਤਾ ਲਈ ਵੀ ਸਾਮੂਹਿਕ ਦੁਆ ਕੀਤੀ ਗਈ ਵਿਸ਼ੇਸ਼ ਤੋਰ ਤੇ ਕੇਰਲਾ ਵਿਚ ਆਏ ਹੜ ਤੋਂ ਪ੍ਰਭਾਵਿਤ ਲੋਕਾਂ ਲਈ ਵੀ ਦੁਆ ਕੀਤੀ ਗਈ । ਇਸ ਮੋਕੇ ਮੁਸਲਿਮ ਜਮਾਤ ਅਹਿਮਦੀਆ ਦੇ ਪ੍ਰੈਸ ਸਕੱਤਰ ਭਾਰਤ ਕੇ ਤਾਰਿਕ ਅਹਿਮਦ ਨੇ ਦਸਿਆ ਕਿ ਇਸ ਮੋਕੇ ਲੰਗਰ ਖਾਨਾ ਹਜਰਤ ਮਸੀਹ ਮਾਓਦ ਅਲੈਹਸਲਾਮ ਵਲੋਂ ਆਏ ਮਹਿਮਾਨਾਂ ਲਈ ਵਿਸ਼ੇਸ਼ ਦਾਵਤ ਦਾ ਪ੍ਰਬੰਧ ਕੀਤਾ ਗਿਆ ਹੈ ।