ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 12 ਅਗਸਤ 2019 - ਦਿੱਲੀ ਵਿਕਾਸ ਅਥਾਰਟੀ ਨੇ ਪੁਲਿਸ ਦੀ ਮਦਦ ਨਾਲ ਤੁਗਲਕਾਬਾਦ ਵਿਖੇ ਸਥਿਤ ਇਕ ਪੁਰਾਤਨ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜ ਕੇ ਹਟਾ ਦਿੱਤਾ ਗਿਆ ਹੈ। ਪੁਲਿਸ ਬਲ ਨੇ ਮੰਦਿਰ ਦੀ ਜਗ੍ਹਾ ਨੂੰ ਆਪਣੇ ਕਬਜ਼ੇ ਵਿਚ ਲਿਆ ਹੋਇਆ ਹੈ। ਮੂਰਤੀਆਂ ਪੁਲਿਸ ਨੇ ਸੰਭਾਲ ਲਈਆਂ ਹਨ ਅਤੇ ਢਾਂਚੇ ਨੂੰ ਗਿਰਾ ਦਿੱਤਾ ਗਿਆ ਹੈ। ਇਹ ਮੰਦਿਰ ਦਿੱਲੀ ਦੇ ਸੁਲਤਾਨ ਰਾਜਾ ਸਿਕੰਦਰ ਲੋਧੀ ਦੇ ਰਾਜ ਕਾਲ (1489-1517) ਵੇਲੇ ਹੋਂਦ ਵਿਚ ਆਇਆ ਦੱਸਿਆ ਜਾ ਰਿਹਾ ਹੈ। ਇਥੇ ਸ੍ਰੀ ਗੁਰੂ ਰਵਿਦਾਸ ਜੀ ਵੀ ਆਏ ਦੱਸੇ ਜਾਂਦੇ ਹਨ। ਇਥੇ ਸਰੋਵਰ ਵੀ ਬਣਿਆ ਹੋਇਆ ਸੀ।
ਇਸ ਮੰਦਿਰ ਦੇ ਨਾਲ ਲੋਕਾਂ ਦੀ ਸ਼ਰਧਾ ਅਤੇ ਇਤਿਹਾਸ ਜੁੜਿਆ ਹੈ। ਇਸ ਨੂੰ ਹਟਾਏ ਜਾਣ ਦਾ ਮਾਮਲਾ ਸੁਪਰੀਮ ਕੋਰਟ ਦੇ ਵਿਚ ਸੀ ਅਤੇ ਫੈਸਲਾ ਦਿਲੀ ਵਿਕਾਸ ਅਥਾਰਟੀ (ਡੀ.ਡੀ.ਏ.) ਦੇ ਹੱਕ ਵਿਚ ਆਇਆ ਸੀ। ਇਸ ਘਟਨਾ ਦਾ ਵਿਰੋਧ ਵਿਚ ਦੇਸ਼-ਵਿਦੇਸ਼ ਵਧਣਾ ਸ਼ੁਰੂ ਹੋ ਗਿਆ ਹੈ। ਦਿੱਲੀ ਅਤੇ ਪੰਜਾਬ ਤੋਂ ਇਲਾਵਾ ਹੋਰ ਕਈ ਰਾਜਾਂ ਵਿਚ ਹਾਈਵੇਅ ਜਾਮ ਕਰ ਦਿੱਤੇ ਗਏ ਹਨ। ਰਵਿਦਾਸ ਭਾਈਚਾਰੇ ਦੇ ਲੋਕ ਇਸਦਾ ਪੁਨਰ ਨਿਰਮਾਣ ਕਰਨ ਦੀ ਮੰਗ ਕਰਨ ਲੱਗੇ ਹਨ।
ਅੱਜ ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਦੀ ਇਸ ਸਬੰਧੀ ਇਕ ਹੋਈ ਮੀਟਿੰਗ ਦੇ ਵਿਚ ਇਸ ਇਤਿਹਾਸਕ ਮੰਦਰ ਨੂੰ ਪੁਲਿਸ ਵੱਲੋਂ ਤੋੜੇ ਜਾਣ ਦੀ ਸਖਤ ਸ਼ਬਦਾਂ ਦੇ ਵਿਚ ਨਿਖੇਧੀ ਕੀਤੀ ਗਈ। ਪ੍ਰਧਾਨ ਮੋਹਿੰਦਰ ਪਾਲ, ਮੀਤ ਪ੍ਰਧਾਨ ਮਨਜੀਤ ਰਾਮ ਰੱਤੂ, ਜਨਰਲ ਸਕੱਤਰ ਰੇਸ਼ਮ ਕਰੀਮਪੁਰੀ, ਮੀਤ ਸਕੱਤਰ ਰਕੇਸ਼, ਸੁਨੀਤਾ ਕਰੀਮਪੁਰੀ ਅਤੇ ਕਮਲ ਇਸ ਮੀਟਿੰਗ ਦੇ ਵਿਚ ਸ਼ਾਮਿਲ ਹੋਏ ਅਤੇ ਮੰਦਿਰ ਢਾਹੇ ਜਾਣ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਦੇ ਹਾਊਸਿੰਗ ਅਤੇ ਅਰਬਨ ਅਫੇਅਰ ਮੰਤਰੀ ਸ. ਹਰਦੀਪ ਸਿੰਘ ਪੁਰੀ ਨੂੰ ਇਸ ਸਬੰਧੀ ਇਕ ਚਿੱਠੀ ਵੀ ਦਿੱਤੀ ਸੀ, ਪਰ ਇਸਦੇ ਬਾਵਜੂਦ ਮੰਦਿਰ ਨੂੰ ਢਾਹ ਦਿੱਤਾ ਗਿਆ। ਵਰਨਣਯੋਗ ਹੈ ਕਿ 13 ਅਗਸਤ ਨੂੰ ਪੰਜਾਬ ਬੰਦ ਅਤੇ 21 ਅਗਸਤ ਨੂੰ ਦਿੱਲੀ ਵਿਖੇ ਯੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।