ਲੰਡਨ, 16 ਅਗਸਤ, 2019: ਲੰਡਨ ਵਿਖੇ ਭਾਰਤੀ ਮੂਲ ਦੇ ਲੋਕ 73ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ ਸਨ। ਜਿੰਨ੍ਹਾਂ 'ਤੇ ਕਸ਼ਮੀਰੀ ਅਤੇ ਵੱਖਵਾਦੀ ਸਿੱਖ ਪ੍ਰਦਰਸ਼ਨਕਾਰੀਆਂ ਨੇ ਅੰਡਿਆਂ ਅਤੇ ਪਾਣੀ ਦੀਆਂ ਬੋਤਲਾਂ ਨਾਲ ਹਮਲਾ ਕੀਤਾ।
ਪ੍ਰਦਰਸ਼ਨਕਾਰੀਆਂ ਦੂਆਰਾ ਪਾਕਿਸਤਾਨੀ ਅਤੇ ਕਸ਼ਮੀਰੀ ਝੰਡੇ ਲਹਿਰਾਏ ਗਏ ਅਤੇ ਮੌਕੇ 'ਤੇ ਪਹੁੰਚੀ ਪੁਲਿਸ 'ਤੇ ਵੀ ਪਾਣੀ ਦੀਆਂ ਬੋਤਲਾਂ ਅਤੇ ਅੰਡੇ ਸੁੱਟੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ 4 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਜਸ਼ਨਾਂ ਦੀ ਸ਼ੁਰੂਆਤ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦੁਆਰਾ ਭਾਰਤੀ ਝੰਡਾ ਲਹਿਰਾਉਣ ਤੋਂ ਬਾਅਦ ਕੀਤੀ ਗਈ ਅਤੇ ਇਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਰਾਜਦੂਤ ਨੇ ਮਹਿਮਾਨਾਂ ਨੂੰ ਸੰਬੋਧਿਤ ਕੀਤਾ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਉਸ ਭਾਸ਼ਣ ਨੂੰ ਪੜ੍ਹਿਆ ਜੋ ਰਾਸ਼ਟਰਪਤੀ ਨੇ ਭਾਰਤ ਦੇ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ।
ਸੈਂਕੜੇ ਭਾਰਤੀਆਂ ਨੇ ਇਸ ਦਿਵਸ ਨੂੰ ਬੜੀ ਖੁਸ਼ੀ ਅਤੇ ਧੂਮਧਾਮ ਨਾਲ ਮਨਾਉਣ ਲਈ ਦੂਤਘਰ ਦੇ ਬਾਹਰ ਇਕੱਠੇ ਹੋਏ। ਭੀੜ ਨੇ "ਵੰਦੇ ਮਾਤਰਮ" ਅਤੇ "ਮੋਦੀ ... ਮੋਦੀ" ਦੇ ਨਾਅਰੇ ਲਗਾਏ।