ਸੰਗਰੂਰ, 16 ਅਗਸਤ 2019 - ਸੰਗਰੂਰ ਦੇ ਸੁਨਾਮ 'ਚ ਸਿਨੇਮਾ ਚੌਂਕ ਕੋਲ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਲੰਘੇ ਦਿਨੀਂ ਸਾਂਢ ਵੱਲੋਂ ਟੱਕਰ ਮਾਰੀ ਗਈ ਸੀ ਜਿਸਦਾ ਅੱਜ ਹਸਪਤਾਲ 'ਚ ਦੇਹਾਂਤ ਹੋ ਗਿਆ। ਮ੍ਰਿਤਕ ਪੰਜਾਬ ਪੁਲਿਸ ਮੁਲਾਜ਼ਮ ਦਾ ਨਾਮ ਬਲਵਿੰਦਰ ਸਿੰਘ ਸੀ ਜੋ ਸੁਨਾਮ ਸਿਟੀ ਥਾਣੇ 'ਚ ਹੋਮਗਾਰਡ ਵਜੋਂ ਤੈਨਾਤ ਸਨ।
ਦਰਅਸਲ ਲੰਘੇ ਦਿਨੀਂ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ 'ਚ ਸੜਕ 'ਤੇ ਤੁਰੇ ਆ ਰਹੇ ਪੁਲਿਸ ਮੁਲਾਜ਼ਮ ਨੂੰ ਸਾਂਢ ਨੇ ਧਰਤੀ ਤੋਂ ਕਈ ਫੁੱਟ ਉੱਪਰ ਪਟਕਾ ਕੇ ਮਾਰਿਆ। ਸੜਕ 'ਤੇ ਸਿਰ ਦੇ ਭਾਰ ਡਿੱਗੇ ਪੁਲਿਸ ਮੁਲਾਜ਼ਮ ਨੂੰ ਸਥਾਨਕ ਲੋਕਾਂ ਨੇ ਜ਼ਖਮੀ ਹਾਲਤ 'ਚ ਚੁੱਕੇ ਕੇ ਪਟਿਆਲਾ ਹਸਪਤਾਲ ਦਾਖਲ ਕਰਾਇਆ ਸੀ, ਜਿਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਪੁਲਸ ਮੁਲਾਜ਼ਮ ਅੱਜ ਦਮ ਤੋੜ ਗਿਆ।