ਗੁਰਨਾਮ ਸਿੱਧੂ
ਫਿਰੋਜ਼ਪੁਰ 21 ਅਗਸਤ 2019 - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸਤਲੁੱਜ ਦਰਿਆ ਦੇ ਨਾਲ ਲੱਗਦੇ ਪਿੰਡ, ਗੱਟੀ ਰਾਜੋਕੇ, ਟੇਂਡੀਵਾਲਾ, ਕਮਾਲੇ ਵਾਲਾ, ਖੁੰਦੜ ਗੱਟੀ, ਚਾਂਦੀ ਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਲੱਖਵਾਲ ਦੇ ਜਨਰਲ ਸਕੱਤਰ ਪੰਜਾਬ ਹਰਿੰਦਰ ਸਿੰਘ ਲੱਖੋਵਾਲ ਵਿਸ਼ੇਸ਼ ਤੌਰ 'ਤੇ ਆਪਣੀ ਯੂਨੀਅਨ ਨੂੰ ਨਾਲ ਲੈ ਕੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਤੇ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਤਲੁੱਜ ਦਰਿਆ ਦਾ ਪਾਣੀ ਦਿਨੋਂ ਦਿਨ ਵੱਧ ਰਿਹਾ ਹੈ ਅਤੇ ਕਈ ਪਿੰਡਾਂ ਦੀਆਂ ਫਸਲਾਂ ਡੁੱਬ ਗਈਆਂ ਹਨ, ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਡੁੱਬ ਜਾਣ ਤਾਂ ਕਿਸਾਨ ਦਾ ਫੱਟ ਜਾਂਦਾ ਹੈ ਅਤੇ ਉਸ ਦੀ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ।
ਇਹ ਸਭ ਸਰਕਾਰਾਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ।ਸਰਕਾਰ ਨੇ ਸੇਮ ਨਾਲਿਆਂ, ਨਹਿਰਾਂ ਦੀ ਸਫਾਈ ਨਹੀ ਕਰਵਾਈ, ਜਿਸ ਕਾਰਨ ਓਹਨਾਂ ਵਿਚ ਪਾਣੀ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੰਨ੍ਹਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਇਕ ਏਕੜ ਤੇ 40 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਜੇਕਰ ਕਿਸਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਗਿਰਦਾਵਰੀਆਂ ਕਰਵਾ ਕੇ ਮੁਆਵਜ਼ਾ ਨਾ ਦਿੱਤਾ ਤਾਂ ਅਸੀਂ ਮਜ਼ਬੂਰ ਹੋ ਕੇ ਤਗੜਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਮਰੀਕ ਸਿੰਘ ਮਮਦੋਟ ਨੇ ਬੋਲਦਿਆਂ ਕਿਹਾ ਕਿ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦਾ ਸਤਲੁੱਜ ਦਰਿਆ ਨਾਲ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਡੁੱਬੀਆਂ ਹਨ, ਉਨ੍ਹਾਂ ਕਿਸਾਨਾਂ ਨੂੰ ਸਰਕਾਰ ਫੌਰਨ ਤੌਰ ਤੇ ਰਾਹਤ ਦੇਵੇ ਅਤੇ ਸਤਲੁੱਜ ਦਰਿਆ 'ਤੇ ਵੱਸਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪੰਜ - ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਬੇੜੀ ਜਾਂ ਬੇੜੇ ਦੀ ਸਹੂਲਤ ਦਿੱਤੀ ਜਾਵੇ । ਇਨ੍ਹਾਂ ਪਿੰਡਾਂ ਲਈ ਪੁਲ ਬਣਾ ਕੇ ਦਿੱਤਾ ਜਾਵੇ ਤਾਂ ਜੋ ਦਰਿਆਈ ਮਾਰ ਹੇਠ ਆਉਂਦੀ ਇਕ ਹਜ਼ਾਰ ਏਕੜ ਜ਼ਮੀਨ ਦੀ ਫਸਲ ਨੂੰ ਸੰਭਾਲ ਸਕੀਏ। ਇਸ ਮੌਕੇ ਤੇ ਜਸਬੀਰ ਸਿੰਘ ਜੱਸਾ ਮਾਛੀਵਾੜਾ ਜ਼ਿਲ੍ਹਾ ਬਲਾਕ ਪ੍ਰਧਾਨ ਫਿਰੋਜ਼ਪੁਰ ਨੇ ਬੋਲਦਿਆਂ ਦੱਸਿਆ ਕਿ ਸਰਕਾਰ ਦੀ ਨਕਾਮੀ ਕਾਰਨ ਕਿਸਾਨਾਂ ਦੀਆਂ ਫਸਲਾਂ ਡੁੱਬੀਆਂ ਹਨ।
ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਤਕੜੇ ਹੋ ਕੇ ਇਸ ਦਾ ਹੱਲ ਨਾ ਕੱਢਿਆ ਤਾਂ ਹੋਰ ਕਈ ਪਿੰਡਾਂ ਵਿਚ ਪਾਣੀ ਵੜ ਸਕਦਾ ਹੈ ਅਤੇ ਅੱਜ ਹੀ ਪਾਕਿਸਤਾਨ ਨੂੰ ਜਾ ਰਿਹਾ ਪਾਣੀ ਕਰਕੇ ਪਾਕਿਸਤਾਨ ਨੇ ਆਪਣੇ ਪਿੰਡ ਰੱਜੀਵਾਲਾ ਦਾ ਬੰਨ੍ਹ ਤੋੜ ਦਿੱਤਾ ਹੈ ਜਿਸ ਕਰਕੇ ਕਈ ਪਿੰਡਾਂ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਹੋਰ ਵੀ ਪਾਣੀ ਵੱਧ ਸਕਦਾ ਹੈ।
ਇਸ ਮੌਕੇ ਤੇ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਗੁਰਵਿੰਦਰ ਸਿੰਘ ਪ੍ਰੈਸ ਸਕੱਤਰ ਪੰਜਾਬ, ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਪੂਰਬੀ ਲੁਧਿਆਣਾ, ਰੁਘਬੀਰ ਸਿੰਘ ਕੁੰਮਕਲਾ ਜਨਰਲ ਸਕੱਤਰ ਲੁਧਿਆਣਾ, ਜਸਬੀਰ ਸਿੰਘ ਜੱਸਾ ਮਾਛੀਵਾੜਾ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਪ੍ਰਧਾਨ, ਗੁਰਮੇਜ ਸਿੰਘ ਹਬੀਬ ਵਾਲਾ ਪ੍ਰੈਸ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ ਬਲਾਕ, ਸੁੱਚਾ ਸਿੰਘ ਲੋਹਗੜ੍ਹ, ਗੁਰਤੇਜ ਸਿੰਘ ਮੱਲਾਂਵਾਲਾ ਬਲਾਕ ਪ੍ਰਧਾਨ, ਹਰਭੇਜ ਸਿੰਘ ਮਮਦੋਟ ਬਲਾਕ ਪ੍ਰਧਾਨ, ਗੁਰਜੀਤ ਸਿੰਘ ਥਿੰਦ ਜ਼ਿਲ੍ਹਾ ਮੀਤ ਬਲਾਕ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰ ਹਾਜ਼ਰ ਸਨ।