ਐੱਸ ਡੀ ਐੱਮ ਜਲਾਲਾਬਾਦ ਕੇਸ਼ਵ ਗੋਇਲ ਸਾਡੀ ਰਸੋਈ ਦਾ ਨਿਰੀਖਣ ਕਰਨ ਮੌਕੇ
ਜਗਦੀਸ਼ ਥਿੰਦ
ਫ਼ਾਜ਼ਿਲਕਾ, 21 ਅਗਸਤ:
ਐਸ.ਡੀ.ਐਮ ਜਲਾਲਾਬਾਦ ਸ੍ਰੀ ਕੇਸ਼ਵ ਗੋਇਲ ਵੱਲੋਂ ਅੱਜ ਜਲਾਲਾਬਾਦ ਸਥਿਤ ਸਾਡੀ ਰਸੋਈ ਵਿਖੇ ਉਚੇਚੇ ਤੌਰ 'ਤੇ ਪਹੁੰਚ ਕੇ ਖਾਣੇ ਦੀ ਗੁਣਵੱਤਾ ਦਾ ਨਿਰੀਖਣ ਕੀਤਾ ਗਿਆ ਅਤੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਸ੍ਰੀ ਸੁਭਾਸ਼ ਅਰੋੜਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸਾਡੀ ਰਸੋਈ ਦਾ ਨਿਰੀਖਣ ਕਰਨ ਮੌਕੇ ਕੇਸ਼ਵ ਗੋਇਲ ਪੀ ਸੀ ਐੱਸ
------------------------------------------------------------------
ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ ਨੇ ਕਿਹਾ ਕਿ ਸਾਡੀ ਰਸੋਈ ਨੂੰ ਸ਼ੁਰੂ ਕਰਨ ਦਾ ਮੰਤਵ ਗ਼ਰੀਬ ਲੋਕਾਂ ਨੂੰ ਘੱਟ ਰੇਟ 'ਤੇ ਵਧੀਆ ਕੁਆਲਟੀ ਦਾ ਖਾਣਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਰਸੋਈ ਦੇ ਸਟਾਫ਼ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਜਿਸ ਤਰ੍ਹਾਂ ਹੁਣ ਵਧੀਆ ਕੁਆਲਟੀ ਦਾ ਖਾਣਾ ਪਰੋਸਿਆ ਜਾ ਰਿਹਾ ਹੈ, ਉਸੇ ਤਰ੍ਹਾਂ ਭਵਿੱਖ ਵਿੱਚ ਵੀ ਵਰਤਾਇਆ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋੜਵੰਦਾਂ ਵੱਲੋਂ ਸਾਡੀ ਰਸੋਈ ਪ੍ਰਤੀ ਕਾਫ਼ੀ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਸਰਕਾਰੀ ਕੰਨਿਆ ਕਾਲਜ ਜਲਾਲਾਬਾਦ ਨੇੜੇ ਸ਼ੁਰੂ ਕੀਤੀ ਸਾਡੀ ਰਸੋਈ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਡੀ ਰਸੋਈ ਤੋਂ ਹਫ਼ਤੇ ਵਿੱਚ 1850 ਲੋੜਵੰਦ ਖਾਣਾ ਖਾ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਚਲਾਈ ਗਈ ਇਸ ਰਸੋਈ ਵਿੱਚ ਆਰਥਕ ਪੱਖ ਤੋਂ ਗਰੀਬ ਲੋਕਾਂ ਲਈ 10 ਰੁਪਏ ਵਿੱਚ ਭਰ ਪੇਟ ਖਾਣਾ ਉਪਲੱਬਧ ਕਰਵਾਇਆ ਜਾ ਰਿਹਾ ਹੈ।