ਗੁਰਨਾਮ ਸਿੱਧੂ
ਫ਼ਿਰੋਜ਼ਪੁਰ 12 ਸਤੰਬਰ : ਪੰਜਾਬ ਚ ਭਾਵੇਂ ਕਈ ਧਰਮ ਵਾਸਾ ਕਰਦੇ ਹਨ ਪਰ ਭਾਈਚਾਰਕ ਸਾਂਝਾਂ ਹਮੇਸ਼ਾ ਹੀ ਮਜ਼ਬੂਤ ਰਹੀਆਂ ਹਨ। ਇਸੇ ਲੜੀ ਤਹਿਤ ਹੀ ਲੰਘੀ 7 ਸਤੰਬਰ ਨੂੰ ਇੱਕ ਟੀ ਵੀ ਚੈਨਲ ਵੱਲੋਂ ਪ੍ਰਸਾਰਿਤ ਰਮਾਇਣ 'ਤੇ ਅਧਾਰਿਤ ਇੱਕ ਸੀਰੀਅਲ 'ਤੇ ਹੋਏ ਵਿਵਾਦ ਦੌਰਾਨ ਪਿੰਡ ਸ਼ੇਰ ਖਾਂ ਚ ਦੋ ਧਿਰਾਂ ਵਿਚਾਲੇ ਲੜਾੲੀ ਹੋ ਗਈ ਸੀ,ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਅਤੇ ਗੋਲੀਆਂ, ਤਲਵਾਰਾਂ ਨਾਲ ਹੋਈ ਇਸ ਲੜਾੲੀ ਚ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲ ਸੀ ਪਰ ਓਦੋਂ ਇਸ ਵਿਵਾਦ ਨੂੰ ਆਰਾਮ ਮਿਲ ਗਿਆ ਜਦੋਂ ਦੋਨੋਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ। ਸਮਝੌਤੇ ਨੂੰ ਸਿਰੇ ਚੜਾਉਣ ਵਿਚ ਗੁਰਭੇਜ ਸਿੰਘ ਟਿੱਬੀ ਦਾ ਅਹਿਮ ਯੋਗਦਾਨ ਮੰਨਿਆ ਜਾ ਰਿਹਾ ਹੈ।
ਵਰਨਯੋਗ ਹੈ ਕਿ ਇੱਕ ਚੈਨਲ ਵੱਲੋ ਪ੍ਰਸਾਰਿਤ ਕੀਤੇ ਗਏ ਰਮਾਇਣ 'ਤੇ ਅਧਾਰਿਤ ਇੱਕ ਸੀਰੀਅਲ ਨੂੰ ਲੈਕੇ ਬੰਦ ਦੇ ਸੱਦੇ 'ਤੇ ਪਿੰਡ ਸ਼ੇਰ ਖਾਂ ਵਿਖੇ ਓਸੀ ਰਾਤ ਨੂੰ ਨੌ ਵਜੇ ਦੇ ਕਰੀਬ ਦੋ ਧਿਰਾਂ ਵਿਚਾਲੇ ਜੰਮ ਕੇ ਲੜਾਈ ਹੋ ਗਈ ਸੀ ਜਿਸ ਵਿੱਚ ਗੋਲੀਆਂ ਅਤੇ ਤਲਵਾਰਾਂ ਦੀ ਖੁੱਲ ਕੇ ਵਰਤੋਂ ਕੀਤੀ ਗਈ ਅਤੇ ਕੁਝ ਲੋਕ ਜ਼ਖਮੀਂ ਹੋ ਗਏ ਸਨ। ਪੁਲਸ ਵਲੋਂ ਕਰਵਾਈ ਅਮਲ ਚ ਲਿਆਂਦੀ ਜਾ ਰਹੀ ਸੀ। ਐੱਸ ਸੀ ਕਮੀਸ਼ਨ ਵੱਲੋਂ ਵੀ 17 ਸਤੰਬਰ ਤੱਕ ਰਿਪੋਰਟ ਮੰਗੀ ਗਈ ਸੀ ਕਿ ਇਸ ਦੌਰਾਨ ਹੀ ਅੱਜ ਕੁਝ ਮੁਹਤਬਰ ਲੋਕਾਂ ਅਤੇ ਜਥੇਬੰਦੀਆਂ ਨੇ ਦੋਨਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਕੇ ਭਾਈਚਾਰਕ ਸਾਂਝ ਨੂੰ ਟੁੱਟਣ ਤੋਂ ਬਚਾਅ ਲਿਆ। ਅੱਜ ਇਥੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸੱਦੀ ਗਈ ਇਸ ਮੀਟਿੰਗ ਵਿਚ ਸਬੰਧਤ ਧਿਰਾ ਤੋਂ ਇਲਾਵਾ ਡੀ ਐੱਸ ਪੀ ਸਤਨਾਮ ਸਿੰਘ, ਗੁਰਭੇਜ ਸਿੰਘ ਟਿੱਬੀ, ਜਸਮੇਲ ਸਿੰਘ ਲਾਡੀ ਗਹਿਰੀ, ਕੁੱਲਗੜ੍ਹੀ ਇੰਚਾਰਜ ਗੁਰਪ੍ਰੀਤ ਸਿੰਘ, ਦਰਸ਼ਨ ਮੰਡ, ਕਿੱਕਰ ਸਹੋਤਾ (ਭਾਵਾਧਸ), ਪਿੱਪਲ ਸਹੋਤਾ, ਪੂਰਨ ਭੱਟੀ, ਅਮਨ ਸਰਪੰਚ ਰੱਖੜੀ, ਸ਼ਮਸ਼ੇਰ ਸਿੰਘ, ਸੁਖਚੈਨ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ ਸਰਪੰਚ ਸ਼ੇਰ ਖਾਂ, ਮੁਖਾ ਦਾਨਵ, ਵਿਜੇ ਅਟਵਾਲ, ਆਦਿ ਨੇ ਇਸ ਸਮਝੌਤੇ 'ਤੇ ਗਵਾਹੀ ਭਰੀ। ਹਾਜ਼ਿਰ ਮੁਹਤਬਰ ਵਿਅਕਤੀਆਂ ਵਲੋਂ ਜਿੱਥੇ ਦੋਨਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਇਆ ਉੱਥੇ ਅੱਗੇ ਤੋਂ ਧਰਮਾਂ ਦੀ ਕਦਰ ਕਰਨ ਅਤੇ ਆਪਸੀ ਸਾਂਝਾਂ ਮਜ਼ਬੂਤ ਕਰਨ ਤੇ ਵੀ ਜ਼ੋਰ ਦਿੱਤਾ। ਵੱਖ ਵੱਖ ਬਰਾਦਰੀਆਂ ਦੇ ਹਾਜ਼ਿਰ ਸੂਝਵਾਨ ਵਿਅਕਤੀਆਂ ਵਲੋਂ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਹੋਣ ਤੋਂ ਬਚਣ ਲਈ ਕਿਹਾ ਗਿਆ। ਦੱਸਣਾ ਬਣਦਾ ਹੈ ਕਿ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਸੀ ਉੱਥੇ ਸੀਨੀਅਰ ਕਾਂਗਰਸੀ ਆਗੂ ਗੁਰਭੇਜ ਸਿੰਘ ਟਿੱਬੀ ਦਾ ਸਮਝੌਤਾ ਕਰਵਾਉਣ ਵਿਚ ਅਹਿਮ ਯੋਗਦਾਨ ਮੰਨਿਆ ਜਾ ਰਿਹਾ ਹੈ।