ਪੰਜਾਬ ਪੁਲਿਸ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਲਈ ਕੁਰਬਾਨੀਆਂ ਲਾਮਿਸਾਲ - ਗੁਰਜੀਤ ਸਿੰਘ
ਪੁਲਿਸ ਲਾਈਨ ਵਿਖੇ ਪੁਲਿਸ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਦੇ ਸ਼ਹੀਦਾਂ ਨੂੰ ਹਥਿਆਰ ਉੱਲਟੇ ਕਰਕੇ ਦਿੱਤੀ ਸੋਗ ਸਲਾਮੀ
ਸ਼ਹੀਦੀ ਸਮਾਰਕ 'ਤੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾਂਜਲੀਆਂ ਕੀਤੀਆਂ ਅਰਪਿਤ
ਦੇਵਾਂ ਨੰਦ ਸ਼ਰਮਾ
ਫਰੀਦਕੋਟ, 21 ਅਕਤੂਬਰ 2019 - ਪੰਜਾਬ ਪੁਲਿਸ ਫਰੀਦਕੋਟ ਵੱਲੋਂ ਅੱਜ ਪੁਲਿਸ ਲਾਈਨ ਫਰੀਦਕੋਟ ਵਿਖੇ ਸਮ੍ਰਿਤੀ ਦਿਵਸ ਐਸ ਐਸ ਪੀ ਸ. ਮਨਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਦੇਸ਼ ਦੇ ਪੁਲਿਸ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਦੇ ਸ਼ਹੀਦਾਂ ਨੂੰ ਹਥਿਆਰ ਉੱਲਟੇ ਕਰਕੇ ਸੋਗ ਸਲਾਮੀ ਅਤੇ ਸ਼ਹੀਦੀ ਸਮਾਰਕ 'ਤੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾਂਜਲੀਆਂ ਅਰਪਿਤ ਕਰਕੇ ਮਨਾਇਆ ਗਿਆ। ਇਸ ਮੌਕੇ ਪੁਲਿਸ, ਸਿਵਲ ਪ੍ਰਸ਼ਾਸਨ, ਨਿਆਂਪਾਲਿਕਾ ਦੇ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਹੀਦਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਸ਼ਹੀਦੀ ਸਮਾਗਮ ਵਿਚ ਐਡੀਸ਼ਨਲ ਸੈਸਨ ਜੱਜ ਸ਼੍ਰੀ ਐਚ.ਐਸ.ਲੇਖੀ, ਅਡੀਸ਼ਨਲ ਡਿਪਟੀ ਕਮਿਸ਼ਨਰ (ਜ) ਸ. ਗੁਰਜੀਤ ਸਿੰਘ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਟੀ.ਪੀ.ਐਸ ਰੰਧਾਵਾ, ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਸ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਮਨਾਇਆ ਜਾ ਰਿਹਾ ਸਮ੍ਰਿਤੀ ਦਿਵਸ ਜਿਥੇ ਸਾਡੀਆਂ ਅੱਖਾਂ ਵਿਚ ਅੱਥਰੂ ਲੈ ਕੇ ਆਉਂਦਾ ਹੈ, ਉਥੇ ਸਾਡੇ ਫ਼ਰਜ਼ਾਂ ਪ੍ਰਤੀ ਜਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਉਨ•ਾਂ ਕਿਹਾ ਕਿ ਦੇਸ਼ ਅਤੇ ਸੂਬੇ ਦੀ ਅਮਨ ਸ਼ਾਂਤੀ ਲਈ ਆਪਣੀਆਂ ਅਦੁੱਤੀ ਸ਼ਹਾਦਤਾਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਹੈ। ਉਨ•ਾਂ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੱਦਾ ਦਿੱਤਾ ਕਿ ਆਪਣੇ ਸ਼ਹੀਦਾਂ ਤੋਂ ਸੇਧ ਲੈ ਕੇ ਪੰਜਾਬ ਪੁਲਿਸ ਨੂੰ ਲੋਕ ਸੇਵਾ ਪ੍ਰਤੀ ਹੋਰ ਵੀ ਤਨਦੇਹੀ ਨਾਲ ਸਮਰਪਿਤ ਕਰਨ। ਉਨ•ਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਦੀ ਹਰ ਮੁਸ਼ਕਿਲ ਦੀ ਘੜੀ ਵਿੱਚ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਉਨ•ਾਂ ਸਮਾਗਮ ਦੌਰਾਨ ਪਹੁੰਚੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਮੌਕੇ ਤੇ ਹੱਲ ਕੀਤੀਆਂ ਅਤੇ ਬਾਕੀ ਰਹਿੰਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਪੁਲਿਸ ਸਮਾਜ ਵਿੱਚ ਸਾਂਤੀ ਬਣਾਈ ਰੱਖਣ ਅਤੇ ਅਮਨ ਕਾਨੂੰਨ ਦੀ ਰਾਖੀ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦੀ ਹੈ। ਪੁਲਿਸ ਨੇ ਹਮੇਸ਼ਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਪੁਲਿਸ ਜਵਾਨਾਂ ਨੂੰ ਹਮੇਸ਼ਾ ਆਪਣੇ ਫਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਤੱਤਪਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਅਡੀਸ਼ਨਲ ਸੈਸ਼ਨ ਜੱਜ ਸ਼੍ਰੀ ਐਚ.ਐਸ.ਲੇਖੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਪੰਜਾਬ ਪੁਲੀਸ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ।
ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲ•ਾ ਫਰੀਦਕੋਟ ਨਾਲ ਸਬੰਧਤ 32 ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਐਸ ਪੀ, ਪੀ.ਬੀ.ਆਈ. ਐਂਡ ਓਪਰੇਸ਼ਨ ਸ਼੍ਰੀਮਤੀ ਗੁਰਮੀਤ ਕੌਰ ਵੱਲੋਂ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦੇ ਨਾਮ ਤਫ਼ਸੀਲ ਸਹਿਤ ਪੜ•ੇ ਅਤੇ ਦੱਸਿਆ ਕਿ ਸਤੰਬਰ 2018 ਤੋਂ ਅਗਸਤ 2019 ਤੱਕ ਭਾਰਤ ਵਿਚ ਆਪਣੀ ਡਿਊਟੀ ਕਰਦੇ ਹੋਏ ਸੁਰੱਖਿਆ ਫੋਰਸਾਂ ਦੇ 292 ਅਧਿਕਾਰੀ, ਕਰਮਚਾਰੀ ਸ਼ਹੀਦੀ ਪਾ ਗਏ ਅਤੇ ਇਹਨਾਂ ਵਿਚ ਕੋਈ ਵੀ ਜਵਾਨ ਪੰਜਾਬ ਪੁਲਿਸ ਦਾ ਸ਼ਹੀਦ ਨਹੀਂ ਹੋਇਆ। ਇਸ ਤੋਂ ਪਹਿਲਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸੋਗ ਪਰੇਡ ਕਰਵਾਈ ਗਈ ਜਿਸ ਦੀ ਅਗਵਾਈ ਏ.ਐਸ.ਪੀ ਜੈਤੋ, ਮਹਿਤਾਬ ਸਿੰਘ ਆਈ.ਪੀ.ਐਸ ਨੇ ਕੀਤੀ। ਇਸ ਮੌਕੇ ਐਸ ਪੀ (ਇਨਵੈਸਟੀਗੇਸ਼ਨ) ਸ. ਸੇਵਾ ਸਿੰਘ ਮੱਲੀ, ਡੀ.ਐਸ.ਪੀ ਜਸਤਿੰਦਰ ਸਿੰਘ, ਡੀ ਐਸ ਪੀ ਫਰੀਦਕੋਟ ਸ. ਗੁਰਪ੍ਰੀਤ ਸਿੰਘ, ਡੀ.ਐਸ.ਪੀ. ਕੋਟਕਪੂਰਾ ਸ. ਬਲਕਾਰ ਸਿੰਘ, ਡੀ.ਐਸ.ਪੀ (ਹੈਡ) ਸ. ਸੁਬੇਗ ਸਿੰਘ, ਡੀ.ਐਸ.ਪੀ ਸਪੈਸ਼ਲ ਬਰਾਂਚ ਸ਼੍ਰੀ ਅਵਤਾਰ ਚੰਦ, ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਪ੍ਰਧਾਨ ਬਸੰਤ ਸਿੰਘ, ਸਮਾਜਸੇਵੀ ਪ੍ਰਵੀਨ ਕਾਲਾ ਤੋਂ ਇਲਾਵਾ ਪੰਜਾਬ ਹੋਮ ਗਾਰਡਜ਼, ਸ਼ਹੀਦਾਂ ਦੇ ਪਰਵਾਰ ਤੇ ਪੁਲੀਸ ਅਧਿਕਾਰੀ ਅਤੇ ਸੇਵਾਮੁਕਤ ਅਧਿਕਾਰੀ, ਕਰਮਚਾਰੀ ਵੀ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲ•ਾ ਗਾਈਡੈਂਸ ਕਾਊਂਸਲਰ ਸ੍ਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ।