ਪ੍ਰਸਿੱਧ ਪੰਜਾਬੀ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਨਾਲ ਸੁਰਮਈ ਸ਼ਾਮ
ਹਰਦਮ ਮਾਨ
ਸਰੀ, 11 ਨਵੰਬਰ, 2019 : ਗ਼ਜ਼ਲ ਮੰਚ ਸਰੀ ਵੱਲੋਂ ਕੈਲੇਫੋਰਨੀਆ ਤੋਂ ਆਏ ਪ੍ਰਸਿੱਧ ਪੰਜਾਬੀ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਨਾਲ ਸੁਰਮਈ ਸ਼ਾਮ ਮਨਾਈ ਗਈ। ਇਸ ਮਹਿਫ਼ਿਲ ਵਿਚ ਪੰਜਾਬ ਤੋਂ ਆਏ ਪ੍ਰਸਿੱਧ ਗ਼ਜ਼ਲਗੋ ਅਮਰੀਕ ਡੋਗਰਾ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸੁਖਦੇਵ ਸਾਹਿਲ ਨੇ ਇਸ ਮੌਕੇ ਪੰਜਾਬੀ ਸ਼ਾਇਰਾਂ ਦੇ ਪੁਖਤਾ ਕਲਾਮ ਨੂੰ ਆਪਣੀ ਕਲਾਤਮਿਕ ਅਤੇ ਸੁਰੀਲੀ ਗਾਇਕੀ ਰਾਹੀਂ ਬਾਖੂਬੀ ਪੇਸ਼ ਕੀਤਾ। ਉਸ ਨੇ ਬੁਲ੍ਹੇ ਸ਼ਾਹ ਤੇ ਹਾਸ਼ਮ ਦਾ ਕਲਾਮ ਅਤੇ ਵਾਰਿਸ ਸ਼ਾਹ ਦੀ ਹੀਰ ਵੀ ਆਪਣੇ ਅੰਦਾਜ਼ ਵਿਚ ਸੁਣਾਈ। ਹਾਜਰ ਸ਼ਾਇਰਾਂ ਨੇ ਸਾਹਿਲ ਦੀ ਗਾਇਕੀ ਨੂੰ ਬੇਹੱਦ ਮਾਣਿਆਂ ਅਤੇ ਹਰ ਰਚਨਾ ਤੇ ਖੂਬ ਦਾਦ ਦਿੱਤੀ। ਸੁਖਦੇਵ ਸਾਹਿਲ ਨੇ ਕਿਹਾ ਕਿ ਗ਼ਜ਼ਲਕਾਰਾਂ ਦੀ ਮਹਿਫ਼ਿਲ ਵਿਚ ਗਾ ਕੇ ਉਸ ਨੂੰ ਦਿਲੀ ਸਕੂਨ ਮਿਲਿਆ ਹੈ।
ਮਹਿਫ਼ਿਲ ਦੌਰਾਨ ਹਾਜਰ ਕਵੀਆਂ ਅਤੇ ਸੁਖਦੇਵ ਸਾਹਿਲ ਨੇ ਪੰਜਾਬੀ ਵਿਚ ਗ਼ਜ਼ਲ ਗਾਉਣ ਵਾਲੇ ਗਾਇਕਾਂ ਦੀ ਘਾਟ ਅਤੇ ਗ਼ਜ਼ਲ ਗਾਇਕੀ ਨੂੰ ਉਤਸ਼ਾਹਿਤ ਕਰਨ ਸਬੰਧੀ ਚਰਚਾ ਵੀ ਕੀਤੀ। ਕੁਝ ਸ਼ਾਇਰਾਂ ਨੇ ਕਿਹਾ ਕਿ ਜੇਕਰ ਪੰਜਾਬੀ ਗ਼ਜ਼ਲ ਗਾਇਕੀ ਲੋਕਾਂ ਵਿਚ ਹਰਮਨ ਪਿਆਰੀ ਨਹੀਂ ਹੋ ਸਕੀ ਤਾਂ ਇਸ ਵਿਚ ਪੰਜਾਬੀ ਸ਼ਾਇਰਾਂ ਦੀ ਵੀ ਕਮਜ਼ੋਰੀ ਰਹੀ ਹੈ। ਦਵਿੰਦਰ ਗੌਤਮ ਨੇ ਕਿਹਾ ਕਿ ਗ਼ਜ਼ਲ ਮੰਚ ਸਰੀ ਵੱਲੋਂ ਗ਼ਜ਼ਲ ਗਾਇਕੀ ਨੂੰ ਆਮ ਲੋਕਾਂ ਤੀਕ ਪੁਚਾਉਣ ਲਈ ਮੰਚ ਦੀਆਂ ਕੋਸ਼ਿਸ਼ਾਂ ਬਾਰੇ ਦੱਸਿਆ। ਸੁਰਮਈ ਸ਼ਾਮ ਮਾਣਨ ਵਾਲੇ ਸ਼ਾਇਰਾਂ ਵਿਚ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਰਾਜਵੰਤ ਰਾਜ, ਅਮਰੀਕ ਡੋਗਰਾ, ਹਰਦਮ ਮਾਨ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਸੁਖਵਿੰਦਰ ਸਿੰਘ ਚੋਹਲਾ ਸ਼ਾਮਲ ਸਨ।