ਪੰਜਾਬ ਸਰਕਾਰ ਸੂਬੇ ਅੰਦਰ ਉਦਯੋਗਿਕ ਵਿਕਾਸ ਨੂੰ ਲੈ ਕੇ ਵਚਨਬੱਧ: ਦੀਵਾਨ
ਲੁਧਿਆਣਾ, 16 ਨਵੰਬਰ, 2019: ਪੰਜਾਬ ਰਾਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੂੰ ਲੁਧਿਆਣਾ ਸਟੀਲ ਟਰੇਡਜ਼ ਐਸੋਸੀਏਸ਼ਨ ਵੱਲੋਂ ਲੁਧਿਆਣਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਇਹ ਸਨਮਾਨ ਦੇਰ ਸ਼ਾਮ ਇੱਕ ਨਿੱਜੀ ਹੋਟਲ ਚ ਆਯੋਜਿਤ ਐਸੋਸੀਏਸ਼ਨ ਦੇ ਮੀਟਿੰਗ ਚ ਸੰਸਥਾ ਦੇ ਪ੍ਰਧਾਨ ਰਵਿੰਦਰ ਪਾਲ ਸਿੰਘ ਮਿੰਕਾ ਵੱਲੋਂ ਦਿੱਤਾ ਗਿਆ। ਜਿਨ੍ਹਾਂ ਦੀਵਾਨ ਸਾਹਮਣੇ ਇੰਡਸਟਰੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਰੱਖਿਆ, ਜਿਨ੍ਹਾਂ ਨੂੰ ਦੀਵਾਨ ਨੇ ਪੰਜਾਬ ਸਰਕਾਰ ਦੇ ਪੱਧਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਦੀਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਉਦਯੋਗਿਕ ਵਿਕਾਸ ਨੂੰ ਲੈ ਕੇ ਵਚਨਬੱਧ ਹੈ ਅਤੇ ਇਸ ਦਿਸ਼ਾ ਚ ਲਗਾਤਾਰ ਕੰਮ ਜਾਰੀ ਹੈ। ਬੀਤੇ ਦਸ ਸਾਲਾਂ ਦੌਰਾਨ ਅਕਾਲੀ ਭਾਜਪਾ ਸ਼ਾਸਨ ਚ ਵਿਗੜੇ ਆਰਥਿਕ ਹਲਾਤਾਂ ਨੂੰ ਕਾਫੀ ਹੱਦ ਤੱਕ ਸੁਲਝਾ ਲਿਆ ਗਿਆ ਹੈ। ਇਸ ਦਿਸ਼ਾ ਚ, ਉਦਯੋਗਿਕ ਇਨਫਰਾਸਟਰੱਚਰ ਦੇ ਵਿਕਾਸ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇੰਡਸਟਰੀ ਦੀਆਂ ਸੂਬਾ ਪੱਧਰ ਤੇ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਤੋਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਜਦਕਿ ਪਹਿਲਾਂ ਨੋਟਬੰਦੀ ਤੇ ਫਿਰ ਜੀਐੱਸਟੀ ਕਾਰਨ ਉਦਯੋਗਾਂ ਨੂੰ ਹੋਏ ਨੁਕਸਾਨ ਲਈ ਕੇਂਦਰ ਸਰਕਾਰ ਦੀ ਨਿੰਦਾ ਕੀਤੀ। ਦੀਵਾਨ ਨੇ ਦੋਸ਼ ਲਗਾਇਆ ਕਿ ਕੇਂਦਰੀ ਨੀਤੀਆਂ ਕਾਰਨ ਇੰਡਸਟਰੀ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਇਸਦਾ ਸਿੱਧਾ ਅਸਰ ਲੋਕਾਂ ਦੇ ਰੁਜ਼ਗਾਰ ਤੇ ਰਹਿਣ ਸਹਿਣ ਤੇ ਪਿਆ ਹੈ।
ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਮਿੰਕਾ ਨੇ ਇੰਡਸਟਰੀ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਲਾਗੂ ਕਰਨ ਦੇ ਬਾਵਜੂਦ ਉਨ੍ਹਾਂ ਪੁਰਾਣੇ ਸੇਲ ਟੈਕਸ ਲਈ ਨੋਟਿਸ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਹਿਲਾਂ ਨੋਟਬੰਦੀ, ਫਿਰ ਜੀ ਐੱਸ ਟੀ ਨੇ ਉਦਯੋਗ ਜਗਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੀਵਾਨ ਰਾਹੀਂ ਪੰਜਾਬ ਸਰਕਾਰ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਅਪੀਲ ਕੀਤੀ।
ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਨਵਾਂ ਨਿਵੇਸ਼ ਲਿਆਉਣ ਅਤੇ ਪੁਰਾਣੇ ਉਦਯੋਗਾਂ ਨੂੰ ਬਣਾਏ ਰੱਖਣ ਲਈ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਸਰਕਾਰ ਨੇ ਲੁਧਿਆਣਾ ਚ ਉਦਯੋਗਾਂ ਦੀਆਂ ਸਮੱਸਿਆਵਾਂ ਤੇ ਲੋੜਾਂ ਨੂੰ ਜਾਣਨ ਲਈ ਇੱਕ ਸਮਿਟ ਵੀ ਸੱਦੀ ਸੀ, ਜਿਨ੍ਹਾਂ ਤੇ ਕੰਮ ਚੱਲ ਰਿਹਾ ਹੈ।
ਇਸ ਮੌਕੇ ਹੋਰਨਾਂ ਇਲਾਵਾ, ਐਸੋਸੀਏਸ਼ਨ ਦੇ ਕੈਸ਼ੀਅਰ ਸਤਯਵ੍ਰਤ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਗਿਆਨ ਚੰਦ ਅਗਰਵਾਲ, ਹਰਪ੍ਰੀਤ ਸਿੰਘ, ਨਵਦੀਪ ਸ਼ਰਮਾ ਐਡਵੋਕੇਟ, ਸਾਹਿਲ ਸਹਿਗਲ ਸੀਏ, ਅਮਰਪ੍ਰੀਤ ਔਲਖ, ਮਨਿੰਦਰ ਗੁਲਿਆਨੀ ਵੀ ਮੌਜੂਦ ਰਹੇ।