ਜੀ ਐਸ ਪੰਨੂ
- ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਇਨਾਮ - ਪਰਨੀਤ ਕੌਰ
ਪਟਿਆਲਾ, 23 ਨਵੰਬਰ 2019 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਲੜਕਿਆਂ ਦਾ ਸ਼ਾਨਦਾਰ ਆਗਾਜ਼ ਸਥਾਨਕ ਰਾਜਾ ਭਾਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਕੀਤਾ ਗਿਆ। 23 ਤੋਂ 25 ਨਵੰਬਰ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕੀਤਾ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਸਟੇਟ ਖੇਡਾਂ ਵਿੱਚ ਭਾਗ ਲੈਣ ਦੀ ਵਧਾਈ ਦਿੰਦਿਆ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਖਿਡਾਰੀਆਂ ਦਾ ਵੱਡਾ ਯੋਗਦਾਨ ਰਿਹਾ ਹੈ।
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੱਡੇ ਕਦਮ ਉਠਾਏ ਗਏ ਹਨ ਜਿਸ ਤਹਿਤ ਖੇਡ ਯੂਨੀਵਰਸਿਟੀ ਦੀ ਸਥਾਪਨਾ ਅਤੇ ਜ਼ਿਲ੍ਹਿਆਂ ਵਿੱਚ ਖਿਡਾਰੀਆਂ ਦੇ ਖੇਡਣ ਲਈ ਗਰਾਊਂਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਸਰਕਾਰ ਨੇ ਤਰਜ਼ੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਕਈ ਸਾਲਾਂ ਤੋਂ ਨਾ ਦਿੱਤੇ ਗਏ ਮਹਾਰਾਜਾ ਰਣਜੀਤ ਸਿੰਘ ਅਵਾਰਡ ਨੂੰ ਦੁਬਾਰਾ ਸ਼ੁਰੂ ਕਰਕੇ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਰੱਖੀ ਗਈ ਸਵਿਮਿੰਗ ਪੂਲ ਅਤੇ ਸਿਨਥੈਟਿਕ ਟਰੈਕ ਦੀ ਮੰਗ ਨੂੰ ਉਹ ਉੱਚ ਅਧਿਕਾਰੀਆਂ ਨਾਲ ਵਿਚਾਰ ਕਰਕੇ ਜਲਦੀ ਪੂਰੀ ਕਰਨਗੇ।
ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਖੇਡਾਂ 'ਚ ਸ਼ਾਮਲ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਪਟਿਆਲਾ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਸੰਬਰ ਮਹੀਨੇ 'ਚ ਕਰਵਾਏ ਜਾ ਰਹੇ ਅੰਤਰ-ਰਾਸ਼ਟਰੀ ਕਬੱਡੀ ਕੱਪ ਟੂਰਨਾਮੈਂਟ ਵਿੱਚ ਪਟਿਆਲਾ ਅੰਦਰ ਹੋ ਰਹੇ ਮੈਚਾਂ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਆਕਰਸ਼ਿਤ ਕਰਨ ਲਈ ਅਜਿਹੇ ਖੇਡ ਸਮਾਰੋਹਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਮੁੱਖ ਮਹਿਮਾਨ ਅਤੇ ਖਿਡਾਰੀਆਂ ਨੂੰ ਜੀ ਆਇਆਂ ਆਖਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਲੈ ਕਿਹਾ ਕਿ ਇਨ੍ਹਾਂ ਪੰਜਾਬ ਰਾਜ ਖੇਡਾਂ ਅੰਡਰ-25 ਲੜਕਿਆਂ ਵਿੱਚ 22 ਜ਼ਿਲ੍ਹਿਆਂ ਦੇ 3500 ਖਿਡਾਰੀ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ 'ਚ ਆਰਚਰੀ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਫੁੱਟਬਾਲ, ਹੈਂਡਬਾਲ, ਜੂਡੋ, ਜਿਮਨਾਸਟਿਕ ਸਮੇਤ ਰਿਧਮਿਕ, ਵਾਲੀਬਾਲ, ਖੋ-ਖੋ, ਫੈਨਸਿੰਗ, ਵੇਟ ਲਿਫਟਿੰਗ, ਕਬੱਡੀ, ਅਥਲੈਟਿਕਸ, ਹਾਕੀ, ਸਵੀਮਿੰਗ, ਰੋਲਰ ਸਕੇਟਿੰਗ, ਕੁਸ਼ਤੀ, ਅਤੇ ਟੇਬਲ ਟੈਨਿਸ ਦੇ ਖੇਡਾਂ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨੇ ਅੰਦਰ ਪੰਜ ਸਟੇਟ ਖੇਡਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਚਾਰ ਵਿਚ ਪਟਿਆਲਾ ਜ਼ਿਲ੍ਹਾ ਓਵਰ ਆਲ ਚੈਪੀਂਅਨ ਰਿਹਾ ਹੈ।
ਸਮਾਗਮ ਦੀ ਸ਼ੁਰੂਆਤ ਗੁਰੂ ਨਾਨਕ ਫਾਊਡੇਂਸਨ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ ਇਸ ਉਪਰੰਤ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਝੰਡਾ ਲਹਿਰਾ ਕੇ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ ਉਸ ਉਪਰੰਤ ਮਾਰਚ ਪਾਸਟ ਹੋਇਆ ਜਿਸ ਵਿੱਚ ਬੁੱਢਾ ਦਲ ਸਕੂਲ ਦੇ ਵਿਦਿਆਰਥੀਆਂ ਦੇ ਬੈਂਡ ਨੇ ਭਾਗ ਲਿਆ। ਬਾਸਕਟਬਾਲ ਦੇ ਕੌਮੀ ਖਿਡਾਰੀ ਨੇ ਸਮੂਹ ਖਿਡਾਰੀਆਂ ਨੂੰ ਸਹੁੰ ਚੁਕਾਈ, ਜੂਡੋ ਦੇ ਖਿਡਾਰੀ ਮੋਨਟੀ ਤੇ ਸ਼ਿਵਾ ਕੁਮਾਰ ਅਤੇ ਬਾਕਸਿੰਗ ਦੀ ਖਿਡਾਰਨ ਤਨੀਸ਼ਬੀਰ ਕੌਰ ਤੇ ਜਿਮਨਾਸਟਿਕ ਦੇ ਆਰ.ਐਨ ਸ਼ਰਮਾ ਨੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ। ਇਸੇ ਤਰਾਂ ਸਾਰੇ ਜ਼ਿਲਿਆਂ ਦੀ ਮਾਰਚ ਪਾਸਟ ਦੀ ਅਗਵਾਈ ਕੌਮੀ ਖਿਡਾਰੀ ਸ਼ਮਸ਼ੇਰ ਸਿੰਘ ਨੇ ਕੀਤੀ। ਇਸ ਮੌਕੇ ਉਤਰ ਖੇਤਰੀ ਸਭਿਆਚਾਰ ਕੇਂਦਰ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅ੍ਰੰਮਿਤ ਪ੍ਰਤਾਪ ਸਿੰਘ ਹਨੀ ਸੇਖੋਂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਕਾਂਗਰਸ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਡਿਪਟੀ ਮੇਅਰ ਸ੍ਰੀਮਤੀ ਵਿੰਨਤੀ ਸੰਗਰ, ਐਸ.ਸੀ. ਸੈਲ ਦੇ ਚੇਅਰਮੈਨ ਸ੍ਰੀ ਸੋਨੂੰ ਸੰਗਰ, ਦਰੋਣਾਚਾਰੀਆ ਸ. ਗੁਰਬਖਸ਼ ਸਿੰਘ ਸੰਧੂ, ਅਰਜਨ ਅਵਾਰਡੀ ਐਸ.ਪੀ. ਸ. ਪਲਵਿੰਦਰ ਸਿੰਘ ਚੀਮਾ, ਐਸ.ਪੀ. ਸ. ਮਨਜੀਤ ਸਿੰਘ ਬਰਾੜ, ਗੁਰਵਿੰਦਰ ਸਿੰਘ, ਬਾਕਸਿੰਗ ਕੋਚ ਸ੍ਰੀ ਪਲਵਿੰਦਰ ਸਿੰਘ, ਕੰਵਲਜੀਤ ਸਿੰਘ, ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ਖੇਡ ਵਿਭਾਗ ਦੇ ਨੁਮਾਇੰਦੇ ਅਤੇ ਖਿਡਾਰੀ ਮੌਜੂਦ ਸਨ।