ਜੀ ਐਸ ਪੰਨੂ
ਪਟਿਆਲਾ,10,ਜਨਵਰੀ 2020 - ਲੰਘੀ 8 ਜਨਵਰੀ ਨੂੰ ਮੁੱਖ ਮੰਤਰੀ ਦੇ ਸ਼ਾਹੀ ਮਹਿਲਾਂ ਵੱਲ ਰੁਜ਼ਗਾਰ ਦੀ ਲੋਹੜੀ ਮੰਗਣ ਜਾ ਰਹੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੂੰ ਵਾਈ.ਪੀ.ਐੱਸ. ਚੌਂਕ ਕੋਲ਼ ਰੋਕ ਕੇ ਸਥਾਨਕ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਨੇ ਮੰਗ ਪੱਤਰ ਹਾਸਲ ਕਰਦਿਆਂ ਪੈਨਲ ਮੀਟਿੰਗ ਕਰਵਾਏ ਜਾਣ ਦਾ ਦਿੱਤਾ ਭਰੋਸਾ ਮੁੜ ਲਾਰਾ ਸਾਬਤ ਹੋ ਚੁੱਕਾ ਹੈ।
ਸਰਕਾਰ ਅਤੇ ਪ੍ਰਸ਼ਾਸਨ ਦੇ ਲਾਰਿਆਂ ਤੋ ਅੱਕੇ ਬੇਰੁਜ਼ਗਾਰਾਂ ਨੇ 13 ਜਨਵਰੀ ਨੂੰ ਲੋਹੜੀ ਮੌਕੇ ਗੁਪਤ ਤਰੀਕੇ ਨਾਲ਼ ਮੁੱਖ ਮੰਤਰੀ ਦੀ ਕੋਠੀ ਪਹੁੰਚਣ ਦਾ ਐਲਾਨ ਕਰ ਦਿੱਤਾ ਹੈ।
ਯੂਨੀਅਨ ਆਗੂ ਸੁਖਵਿੰਦਰ ਢਿੱਲਵਾਂ ਅਤੇ ਤਰਲੋਚਨ ਨਾਗਰਾ ਨੇ ਦੱਸਿਆ ਕਿ ਉਹ ਸ਼ਾਂਤਮਈ ਤਰੀਕੇ ਨਾਲ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਮੋਰਚਾ ਲਗਾ ਕੇ ਬੈਠੇ ਹੋਏ ਹਨ। ਪਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਾਰ ਵਾਰ ਵਾਅਦੇ ਕਰਕੇ ਮੁੱਕਰਦਾ ਜਾ ਰਿਹਾ ਹੈ।
ਯੂਨੀਅਨ ਆਗੂ ਸੋਨੀ ਪਾਇਲ ਅਤੇ ਗੁਰਪਿਆਰ ਮਾਨਸਾ, ਪਲਵਿੰਦਰ ਹੁਸਿਆਰਪੁਰ,ਪੱਪੂ ਬਲਿਆਂ ਵਾਲੀ, ਆਦਿ ਨੇ ਕਿਹਾ ਸਿਹਤ ਮਹਿਕਮੇ ਵਿੱਚ ਖਾਲੀ ਸਾਰੀਆਂ ਅਸਾਮੀਆਂ ਦਾ ਉਮਰ ਹੱਦ ਵਿੱਚ ਛੋਟ ਦੇ ਕੇ ਇਸ਼ਤਿਹਾਰ ਜਾਰੀ ਹੋਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ ਤੇ 18 ਜਨਵਰੀ ਨੂੰ ਮੁੜ ਵਿਸ਼ਾਲ ਇਕੱਠ ਕਰਕੇ ਮਹਿਲਾਂ ਨੂੰ ਮਾਰਚ ਕੀਤਾ ਜਾਵੇਗਾ ।
1-ਸਰਕਾਰੀ ਹਸਪਤਾਲਾਂ 'ਚ ਖਾਲੀ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀ ਅਸਾਮੀਆਂ ਰੈਗੂਲਰ ਅਤੇ ਉਮਰ ਹੱਦ ਵਿੱਚ ਰਾਜਸਥਾਨ, ਹਿਮਾਚਲ ਅਤੇ ਹਰਿਆਣਾ ਵਾਂਗ ਪੰਜ ਸਾਲ ਛੋਟ ਦੇ ਕੇ ਆਧਾਰ 'ਤੇ ਭਰੀਆਂ ਜਾਣ।
2. ਆਬਾਦੀ ਮੁਤਾਬਿਕ ਹੋਰ ਪੈਦਾ ਹੋਣ ਵਾਲੀਆਂ ਸਿਹਤ ਵਰਕਰ ਦੀਆਂ ਅਸਾਮੀਆਂ ਨੂੰ ਮਨਜੂਰੀ ਦਿੱਤੀ ਜਾਵੇ।
3 ਭਰਤੀ ਪ੍ਰਕਿਰਿਆ ਨੂੰ ਨਿਰਧਾਰਿਤ ਦਿਨਾਂ ਵਿਚ ਪੂਰਾ ਕੀਤਾ ਜਾਵੇ।
4 ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ।
5- ਸਰਕਾਰੀ ਹਸਪਤਾਲਾਂ ਵਿੱਚ ਲੋੜੀਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ।
6 ਸਿਹਤ ਵਰਕਰ ਦਾ ਕੋਰਸ ਸਾਲ 2012 ਤੋਂ ਬੰਦ ਹੋ ਚੁੱਕਾ ਹੈ ਇਸ ਲਈ ਕੋਰਸ ਪਾਸ ਸਾਰੇ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇ।
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਦੇ ਆਗੂ ਸੁਖਦੇਵ ਜਲਾਲਾਬਾਦ ਅਤੇ ਹਰਵਿੰਦਰ ਥੂਹੀ ਨੇ ਦੱਸਿਆ ਕਿ ਪੱਕੀ ਭਰਤੀ ਦੀ ਮੰਗ ਨੂੰ ਲੈਕੇ ਬੇਰੁਜ਼ਗਾਰ ਲਗਾਤਾਰ ਇਨ੍ਹਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਹੁਣ ਲਾਰੇ ਲਗਾ ਰਹੀ ਹੈ।
ਇਸ ਮੌਕੇ ਜਸਪਾਲ ਘੁੰਮਣ, ਕਮਲਜੀਤ ਜਲੰਧਰ, ਜਸਵੀਰ ਬਰਨਾਲਾ, ਤਰਸੇਮ ਬਠਿੰਡਾ, ਅੰਮ੍ਰਿਤ ਅਤੇ ਕੁਲਦੀਪ ਮਾਨਸਾ , ਸਵਰਨ ਫਿਰੋਜ਼ਪੁਰ,ਜਗਦੀਪ ਮੋਹਾਲੀ, ਹਰਵਿੰਦਰ ਪਟਿਆਲਾ, ਜਸਵੀਰ ਤਪਾ,ਸੰਜੀਵ, ਸ਼ੰਕਰ ਅਤੇ ਹੀਰਾ ਲਾਲ ਗੁਰਦਾਸ ਪੁਰ, ਰਵਿੰਦਰ ਅਤੇ ਹੀਰਾ ਲਾਲ ਅੰਮ੍ਰਿਤਸਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਹਾਜ਼ਰ ਸਨ।