ਮੀਟਿੰਗ ਨੂੰ ਸਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ।
ਅਸ਼ੋਕ ਵਰਮਾ
ਬੀਕੇਯੂ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ
ਬਠਿੰਡਾ/ਚੰਡੀਗੜ 13 ਜਨਵਰੀ 2020: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪਰਾਲੀ ਅਤੇ ਹੋਰ ਅਹਿਮ ਕਿਸਾਨੀ ਮੰਗਾਂ ਨੂੰ ਲੈ ਕੇ 20, 21 ਅਤੇ 22 ਜਨਵਰੀ ਨੂੰ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੂਹਰੇ ਦਿਨ-ਰਾਤ ਰੋਸ ਧਰਨੇ ਲਗਾਏ ਜਾ ਰਹੇ ਹਨ। ਇਹ ਫੈਸਲਾ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੰਜਾਬ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਾਏ ਗਏ ਨਜਾਇਜ਼ ਝੂਠੇ ਕੇਸ, ਭਾਰੀ ਜੁਰਮਾਨੇ ਅਤੇ ਜਮਾਬੰਦੀ 'ਚ ਕੀਤੀਆਂ ਲਾਲ ਐਂਟਰੀਆਂ ਨੂੰ ਰੱਦ ਕਰਵਾਉਣ, ਜ਼ਬਤ ਕੀਤੀਆਂ ਕੰਬਾਇੰਨਾਂ ਆਦਿ ਬਿਨਾਂ ਸ਼ਰਤ ਛਡਵਾਉਣ, ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਐਲਾਨ ਕੀਤੇ 2500 ਰੁਪਏ ਪ੍ਰਤੀ ਏਕੜ ਤੁਰੰਤ ਦਵਾਉਣ ਅਤੇ ਪਰਾਲੀ ਦੀ ਸੁੰਡੀ ਕਾਰਨ ਉਹਨਾਂ ਦੀ ਬਰਬਾਦ ਹੋਈ ਕਣਕ ਦੀ ਫਸਲ ਦੀ ਪੂਰੀ ਭਰਪਾਈ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਦੋ ਲੱਖ ਰੁਪਏ ਦੀ ਕਰਜ਼ਾ ਮੁਆਫੀ 5 ਏਕੜ ਤੱਕ ਮਾਲਕੀ ਵਾਲੇ ਸਾਰੇ ਕਿਸਾਨਾਂ ਨੂੰ ਬਿਨਾ ਸ਼ਰਤ ਦੇਣ ਦੀਆਂ ਮੰਗਾਂ ਧਰਨਿਆਂ ਦੀਆਂ ਮੁੱਖ ਮੰਗਾਂ ਹੋਣਗੀਆਂ। ਇਸਤੋਂ ਇਲਾਵਾ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜ਼ਿਆਂ ਤੇ ਲਕੀਰ ਮਾਰਨ, ਬਿਜਲੀ ਦਰਾਂ 'ਚ ਕੀਤਾ ਭਾਰੀ ਵਾਧਾ ਰੱਦ ਕਰਨ, ਖੇਤੀ ਲਈ ਬਿਜਲੀ ਦਿਨੇ ਦੇਣ, ਸਾਰੇ ਅਵਾਰਾ ਪਸ਼ੂ ਸਾਂਭÎਣ ਦਾ ਪੱਕਾ ਪ੍ਰਬੰਧ ਕਰਨ ਅਤੇ ਕੌਮੀ ਨਾਗਰਿਕਤਾ ਰਜਿਸ਼ਟਰਾਂ ਸਮੇਤ ਨਾਗਰਿਕਤਾ ਸੋਧ ਕਾਨੂੰਨ ਵਾਪਸ ਲੈਣ ਵਰਗੇ ਭਖਦੇ ਮਸਲੇ ਵੀ ਜ਼ੋਰ ਨਾਲ ਉਠਾਏ ਜਾਣਗੇ। ਨਾਗਰਿਕਤਾ ਸੋਧ ਬਿੱਲ ਵਿਰੁੱਧ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੂਬਾ ਪੱਧਰੀ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਪਾਸ ਕੀਤੇ ਇਕ ਮਤੇ ਰਾਹੀਂ ਭਾਜਪਾ ਦੇ ਨਕਾਬਪੋਸ਼ ਗੁੰਡਿਆਂ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਪ੍ਰਧਾਨ ਆਇਸ਼ਾ ਘੋਸ਼ ਤੇ ਹੋਰ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਉੱਤੇ ਪੁਲਸ ਦੀ ਮਜੁਦਗੀ ਵਿੱਚ ਘੰਟਿਆਂ ਬੱਧੀ ਕੀਤੇ ਗਏ ਗੁੰਡਾ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਆਇਸ਼ਾ ਘੋਸ਼ ਤੇ ਹੋਰ ਵਿਦਿਆਰਥੀਆਂ ਉੱਤੇ ਝੂਠੇ ਮੁਕੱਦਮੇ ਦਰਜ ਕਰਕੇ ਉਲਟਾ ਉਹਨਾਂ ਨੂੰ ਹੀ ਦੋਸ਼ੀ ਟਿੱਕਣ ਵਾਲੀ ਜਾਂਚ ਪੜਤਾਲ ਦੀ ਵੀ ਨਿਖੇਧੀ ਕੀਤੀ ਗਈ। ਮੀਟਿੰਗ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 20,21 ਅਤੇ 22 ਜਨਵਰੀ ਦੇ ਧਰਨਿਆਂ ਵਿੱਚ ਕਾਫ਼ਲੇ ਬੰਨ ਕੇ ਪੁੱਜਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ, ਹਰਵਿੰਦਰ ਕੌਰ ਬਿੰਦੂ, ਜਨਕ ਭੂਚਾਲ ਅਤੇ ਸਾਰੇ ਜ਼ਿਲਾ ਦੇ ਪ੍ਰਧਾਨ ਅਤੇ ਜਰਨਲ ਸਕੱਤਰ ਹਾਜ਼ਰ ਹੋਏ।