ਸੁਖਜਿੰਦਰ ਸਿੰਘ ਪੰਜਗਰਾਈਂ
- ਇਮਾਨਦਾਰ ਇਨਸਾਨ ਭਾਈ ਸੁਰਜੀਤ ਸਿੰਘ ਨੂੰ ਚੋਰ ਸਾਬਤ ਕਰਕੇ ਗਵਾਹੀ ਦੇਣ ਤੋਂ ਮੁਕਰਾਉਣਾ ਚਾਹੁੰਦੇ ਸੀ ਕਾਂਗਰਸ ਦੇ ਮੰਤਰੀ : ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ
- ਜਥੇਦਾਰ ਦਾਦੂਵਾਲ ਨੇ ਕੈਪਟਨ ਸਰਕਾਰ ਪਾਸੋਂ ਮ੍ਰਿਤਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਸਹਾਇਤਾ ਵਜੋਂ ਮੁਆਵਜ਼ਾ ਦੇਣ ਸਮੇਤ ਦੋਸ਼ੀਆਂ ਖਿਲਾਫ ਜਲਦ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ
- ਪਰਿਵਾਰ ਤੇ ਪੰਥਕ ਆਗੂਆਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਪੰਜਾਬ ਸਰਕਾਰ ਨੂੰ ਦਿੱਤਾ 31 ਜਨਵਰੀ ਤੱਕ ਦਾ ਅਲਟੀਮੇਟਮ
ਪੰਜਗਰਾਈਂ ਕਲਾਂ/ਬਰਗਾੜੀ, 24 ਜਨਵਰੀ 2020 - ਬੀਤੇ ਦਿਨੀਂ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸਾਬਕਾ ਸਰਪੰਚ ਭਾਈ ਸੁਰਜੀਤ ਸਿੰਘ ਵਾਸੀ ਬਹਿਬਲ ਕਲਾਂ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਅਚਾਨਕ ਮੌਤ ਹੋ ਗਈ ਸੀ,ਉਹਨਾਂ ਨਮਿਤ ਅੱਜ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਟਿੱਬੀ ਸਾਹਿਬ ਪਾਤਸ਼ਾਹੀ ਦਸਵੀਂ ਬਹਿਬਲ ਕਲਾਂ ( ਫਰੀਦਕੋਟ) ਵਿਖੇ ਹੋਇਆ। ਇਸ ਮੌਕੇ ਤੇ ਭਾਈ ਸੁਰਜੀਤ ਸਿੰਘ ਦੀ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਤੇ ਉੱਘੇ ਸਿੱਖ ਪ੍ਰਚਾਰਕ ਭਾਈ ਬਲਕਰਨ ਸਿੰਘ ਮੌੜਾਂ ਵਾਲਿਆਂ ਦੇ ਜਥੇ ਵੱਲੋਂ ਵੈਰਾਗਮਈ ਤੇ ਰਸਭਿੰਨਾ ਕੀਰਤਨ ਕੀਤਾ ਗਿਆ । ਇਸ ਸਮੇਂ ਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਭਾਈ ਸੁਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ। ਅੰਤਿਮ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਭਾਈ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਹੁਤ ਹੀ ਇਮਾਨਦਾਰ ਇਨਸਾਨ ਭਾਈ ਸੁਰਜੀਤ ਸਿੰਘ ਨੂੰ ਚੋਰ ਸਾਬਤ ਕਰਕੇ ਕਾਂਗਰਸ ਦੇ ਮੰਤਰੀ ਗਵਾਹੀ ਦੇਣ ਤੋਂ ਮੁਕਰਾਉਣਾ ਚਾਹੁੰਦੇ ਸੀ,ਜਿਸ ਕਰਕੇ ਬਿਜਲੀ ਦੇ ਮਾਮਲੇ ਦੇ ਸਬੰਧ ਵਿੱਚ ਉਸ ਦੇ ਘਰ ਪੁਲਿਸ ਤੋਂ ਛਾਪੇਮਾਰੀ ਕਰਵਾਈ ਗਈ ਸੀ ਤੇ ਅਸਲ ਵਿੱਚ ਕਾਂਗਰਸ ਸਰਕਾਰ ਇਹ ਸਭ ਕੁਝ ਕਿਸੇ ਗਿਣੀ ਮਿਥੀ ਸ਼ਾਜਿਸ ਦੇ ਤਹਿਤ ਕਰਵਾਕੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਵਾਲਿਆਂ ਨੂੰ ਬਚਾਉਣਾ ਚਾਹੁੰਦੀ ਸੀ।
ਉਹਨਾਂ ਕਿਹਾ ਕਿ ਭਾਈ ਸੁਰਜੀਤ ਸਿੰਘ ਸਿੱਖ ਪੰਥ ਦਾ ਯੋਧਾ ਸੀ ਤੇ ਉਸ ਦਾ ਪਰਿਵਾਰ ਵੀ ਪੰਥ ਦਾ ਪਰਿਵਾਰ ਹੈ ਤੇ ਪੰਥ ਪਰਿਵਾਰ ਦੇ ਨਾਲ ਸਦਾ ਡਟ ਕੇ ਖੜਾ ਹੈ। ਉਹਨਾਂ ਕਿਹਾ ਕਿ ਭਾਈ ਸੁਰਜੀਤ ਸਿੰਘ ਦੀ ਬਰਸ਼ੀ ਹਰ ਸਾਲ ਉਹਨਾਂ ਦੀ ਪਾਰਟੀ ਵੱਲੋਂ ਬਹਿਬਲ ਕਲਾਂ ਵਿਖੇ ਮਨਾਈ ਜਾਇਆ ਕਰੇਗੀ । ਸਰਬੱਤ ਖਾਲਸਾ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸੁਰਜੀਤ ਸਿੰਘ ਨੂੰ ਕੌਮ ਦਾ ਸੂਰਬੀਰ ਯੋਧਾ ਐਲਾਨਦਿਆਂ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਾਸੋਂ ਮ੍ਰਿਤਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਤੇ ਪਰਿਵਾਰ ਨੂੰ ਸਹਾਇਤਾ ਵਜੋਂ ਮੁਆਵਜ਼ਾ ਦੇਣ ਸਮੇਤ ਦੋਸ਼ੀ ਵਿਅਕਤੀਆਂ ਖਿਲਾਫ ਜਲਦ ਸਖਤ ਕਾਰਵਾਈ ਕਰਨ ਦੀ ਪੁਰਜ਼ੋਰ ਮੰਗ ਕੀਤੀ।
ਭਾਈ ਮਨਦੀਪ ਸਿੰਘ ਮੰਨਾ ਅੰਮ੍ਰਿਤਸਰ ਨੇ ਕਿਹਾ ਕਿ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਭਾਈ ਸੁਰਜੀਤ ਸਿੰਘ ਤੇ ਸਰਕਾਰ ਵੱਲੋਂ ਭਾਰੀ ਮਾਨਸਿਕ ਤਸ਼ੱਦਦ ਕੀਤਾ ਗਿਆ ਤੇ ਕੌਮ ਦੇ ਆਗੂਆਂ ਨੇ ਉਸ ਦੀ ਸਾਰ ਤੱਕ ਨਹੀਂ ਲਈ । ਉਹਨਾਂ ਕਿਹਾ ਕੇ ਉਸ ਤੋਂ ਵੀ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਸਿੱਖ ਕੌਮ ਭਾਈ ਸੁਰਜੀਤ ਸਿੰਘ ਦੇ ਘਰ ਦਾ ਪੰਜਾਹ ਸੱਠ ਹਜਾਰ ਰੁਪਏ ਦਾ ਬਿਜਲੀ ਦਾ ਬਿੱਲ ਹੀ ਨਹੀਂ ਤਾਰ ਸਕੀ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਸਿੱਖਾਂ ਨੂੰ ਇਨਸਾਫ ਨਾਂ ਦਿੱਤਾ ਤਾਂ ਇਸ ਨੂੰ ਕੌਮ ਰਹਿੰਦੀ ਦੁਨੀਆਂ ਤੱਕ ਲਾਹਨਤਾਂ ਪਾਉਂਦੀ ਰਹੇਗੀ । ਉਹਨਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਦਾ ਭਲਾ ਕੈਪਟਕਿਆਂ ਤੇ ਬਾਦਲਕਿਆਂ ਨੂੰ ਪੰਜਾਬ ਦੀ ਸਿਆਸਤ ਚੋਂ ਲਾਂਭੇ ਕਰਕੇ ਹੀ ਹੋਣਾ ਹੈ ਤੇ ਇਹ ਸਭ ਤਾਂ ਹੀ ਹੋ ਸਕੇਗਾ ਜੇ ਅਸੀਂ ਸਾਰੇ ਲੋਕ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਚੱਲਾਂਗੇ।
ਇਸ ਮੌਕੇ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਬਾਬਾ ਪਰਦੀਪ ਸਿੰਘ ਚਾਂਦਪੁਰਾ,ਸਾਬਕਾ ਲੋਕ ਸਭਾ ਮੈਂਬਰ ਪ੍ਰੋ:ਸਾਧੂ ਸਿੰਘ,ਕਾਂਗਰਸੀ ਆਗੂ ਸੂਰਜ ਭਾਰਦਵਾਜ,ਜਸਵਿੰਦਰ ਸਿੰਘ ਕਿਲੀ,ਗੁਰਦੀਪ ਸਿੰਘ ਬਠਿੰਡਾ ਨੇ ਵੀ ਆਪਣੇ ਸੰਬੋਧਨ ਦੌਰਾਨ ਭਾਈ ਸੁਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਤੇ ਮ੍ਰਿਤਕ ਦੇ ਪਰਿਵਾਰ ਤੇ ਪੰਥਕ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ 31 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਕੇ ਜੇਕਰ ਸਰਕਾਰ ਨੇ ਇਸ ਮਿਥੀ ਤਰੀਕ ਤੱਕ ਸੁਰਜੀਤ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਦੋਸ਼ੀ ਵਿਅਕਤੀਆਂ ਖਿਲਾਫ ਕੋਈ ਸ਼ਖਤ ਕਾਰਵਾਈ ਨਾਂ ਕੀਤੀ ਤਾਂ ਫਿਰ ਇਨਸਾਫ ਲੈਣ ਲਈ ਤਕੜਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਤੇ ਭਾਈ ਸੁਰਜੀਤ ਸਿੰਘ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਤੇ ਪੁੱਤਰ ਲਖਵਿੰਦਰ ਸਿੰਘ,ਵਿਧਾਇਕ ਬਲਦੇਵ ਸਿੰਘ,ਅਕਾਲੀ ਆਗੂ ਸੂਬਾ ਸਿੰਘ ਬਾਦਲ,ਸੁਰਜੀਤ ਸਿੰਘ ਅਰਾਈਆਂ ਵਾਲਾ,ਗੁਰਸੇਵਕ ਸਿੰਘ ਫੌਜੀ ਮੱਲਕੇ,ਭਾਈ ਰਣਜੀਤ ਸਿੰਘ ਵਾਂਦਰ,ਗੁਰਭਿੰਦਰ ਸਿੰਘ ਬਰਗਾੜੀ,ਹਰਚੰਦ ਸਿੰਘ ਬਰਾੜ ਪੰਜਗਰਾਈਂ, ਸਵਰਨ ਸਿੰਘ ਪੰਜਗਰਾਈਂ,ਸੁਖਰਾਜ ਸਿੰਘ ਨਿਆਮੀ ਵਾਲਾ,ਸਾਬਕਾ ਐਸ ਐਚ ਓ ਕ੍ਰਿਸ਼ਨ ਲਾਲ,ਸੀਨੀਅਰ ਪੱਤਰਕਾਰ ਭਾਈ ਜਗਮੀਤ ਸਿੰਘ ਖੱਪਿਆਂ ਵਾਲੀ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ।