ਹਰੀਸ਼ ਕਾਲੜਾ
ਰੂਪਨਗਰ ,28 ਜਨਵਰੀ 2020 :ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਸੰਤ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਨਸ਼ਿਆਂ ਦੇ ਦੁਰਪ੍ਰਭਾਵਾਂ ਉੱਤੇ ਭਾਸ਼ਨ ਪ੍ਰਤੀਯੋਗਤਾ ਕਰਵਾਈ ਗਈ। ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ: ਵਿਪਨ ਕੁਮਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਾਸ਼ਨ ਪ੍ਰਤੀਯੋਗਤਾ ਵਿਚ ਐਮ.ਏ. ਭਾਗ ਦੂਜਾ ਰਾਜਨੀਤੀ ਵਿਗਿਆਨ ਦੀ ਵੰਦਨਾ ਅਤੇ ਪੂਨਮ ਸ਼ਰਮਾ ਨੇ ਪਹਿਲਾ, ਐਮ.ਏ. ਭਾਗ ਪਹਿਲਾ ਰਾਜਨੀਤੀ ਵਿਗਿਆਨ ਦੀ ਮਹੇਸ਼ਵਰੀ ਸ਼ੁਕਲਾ ਅਤੇ ਨਤੀਸ਼ ਕੁਮਾਰ ਬੀ.ਏ. ਭਾਗ ਦੂਜਾ ਨੇ ਦੂਜਾ ਅਤੇ ਐਮ.ਏ. ਭਾਗ ਦੂਜਾ ਰਾਜਨੀਤੀ ਵਿਗਿਆਨ ਦੀ ਰੁਪਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਬੋਲਦੇ ਹੋਏ ਕਿਹਾ ਕਿ ਵਿਸ਼ਵ ਭਰ ਵਿਚ ਪ੍ਰਤੀ ਸਾਲ 30 ਲੱਖ ਤੋਂ ਜਿਆਦਾ ਲੋਕਾਂ ਦੀ ਮੌਤ ਹੁੰਦੀ ਹੈ ਜਿਸ ਵਿੱਚ 2 ਲੱਖ 60 ਹਜਾਰ ਵਿਅਕਤੀ ਭਾਰਤ ਦੇ ਹਨ। ਭਾਰਤ ਵਿਚ 6.5 ਬਿਲੀਅਨ ਲੀਟਰ ਸ਼ਰਾਬ ਦੀ ਖਪਤ ਹੋ ਰਹੀ ਹੈ ਜੋ ਪ੍ਰਤੀ ਵਿਅਕਤੀ 5.7 ਲੀਟਰ ਹੈ ਜਿਸ ਨਾਲ ਆਤਮ-ਹੱਤਿਆਵਾਂ ਅਤੇ ਅਪਰਾਧਾਂ ਦਾ ਗ੍ਰਾਫ ਵੀ ਵੱਧ ਰਿਹਾ ਹੈ। ਭਾਰਤ ਵਿਚ 12 ਲੱਖ ਲੋਕ ਹਰ ਸਾਲ ਤੰਬਾਕੂ ਦਾ ਸੇਵਨ ਕਰਨ ਕਾਰਨ ਮਰ ਰਹੇ ਹਨ। ਪੰਜਾਬ ਵਿੱਚ ਹਰ ਮਹੀਨੇ 112 ਲੋਕ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਕਾਰਨ ਮਰ ਰਹੇ ਹਨ। ਪੰਜਾਬ ਵਿੱਚ ਹੈਰੋਇਨ ਦਾ 70 ਫੀਸ਼ਦੀ ਪ੍ਰਯੋਗ ਹੋ ਰਿਹਾ ਹੈ ਇਹ ਬਹੁਤ ਹੀ ਭਿਆਨਕ ਅੰਕੜਾ ਹੈ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਹੋਣ ਦੀ ਬਹੁਤ ਜਿਆਦਾ ਲੋੜ ਹੈ। ਪੰਜਾਬ ਵਿੱਚ 130 ਮਰੀਜ ਪ੍ਰਤੀ ਦਿਨ ਨਸ਼ਾ ਮੁਕਤੀ ਕੇਂਦਰਾਂ ਵਿਚ ਦਾਖਲ ਹੋ ਰਹੇ ਹਨ। ਪੰਜਾਬ ਵਿਚ 7500 ਕਰੋੜ ਰੁਪਏ ਸਲਾਨਾ ਡਰੱਗਜ ਤੇ ਖਰਚੇ ਜਾ ਰਹੇ ਹਨ। ਇਹ ਹੈਰਾਨੀਜਨਕ ਅੰਕੜਾ ਹੈ ਕਿ ਨਸ਼ਾ ਕਰਨ ਵਾਲਿਆਂ ਵਿੱਚ 78 ਫੀਸ਼ਦੀ ਲੋਕ ਪੜ੍ਹੇ-ਲਿਖੇ ਹਨ। ਇਸ ਲਈ ਕਈ ਹਰੇਕ ਨਾਗਰਿਕ ਨੂੰ ਨਸ਼ਾ ਵਿਰੋਧੀ ਸੰਕਲਪ ਕਰਵਾਉਣ ਵਿਚ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਨਸ਼ਿਆਂ ਦਾ ਛੇਵਾਂ ਦਰਿਆ ਬਨਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਸਮਾਜਿਕ ਬੁਰਾਈਆਂ ਵਿਰੁੱਧ ਪ੍ਰਚਾਰ ਕਰਨ ਲਈ ਐਮ.ਏ. ਭਾਗ ਪਹਿਲਾ ਰਾਜਨੀਤੀ ਵਿਗਿਆਨ ਦੀ ਹਰਪ੍ਰੀਤ ਕੌਰ, ਕਿਰਨਜੀਤ, ਪ੍ਰੀਤੀ ਅਤੇ ਮਨਦੀਪ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਵਿਪਨ ਕੁਮਾਰ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।