ਅਸ਼ੋਕ ਵਰਮਾ
ਮਾਨਸਾ 17 ਫਰਵਰੀ 2020: ਕੁਦਰਤੀ ਆਫਤਾਂ ਅਤੇ ਮਨੁੱਖੀ ਗਲਤੀਆਂ ਕਾਰਨ ਉਪਜਣ ਵਾਲੀਅ ਸੰਭਾਵੀ ਆਫਤਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਪਿੰਡ ਕੁਲਰੀਆਂ ਵਿਖੇ 20 ਫਰਵਰੀ 2020 ਨੂੰ ਹੜ੍ਹਾਂ ਸਬੰਧੀ ਇਕ ਮੌਕ ਡਰਿੱਲ ਕਰਵਾਈ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਨੇ ਐਨ.ਡੀ.ਆਰ.ਐਫ. ਦੇ ਨੁਮਾਇੰਦੇਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਬੱਚਤ ਭਵਨ ਵਿਖੇ ਇਕ ਮੀਟਿੰਗ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਇਸ ਮੌਕ ਡਰਿੱਲ ਵਿਚ ਸ਼ਾਮਲ ਹੋਣ ਅਤੇ ਆਪਣਾ ਰੋਲ ਅਦਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਇਸ ਸਬੰਧੀ ਵੱਖ-ਵੱਖ ਮਹਿਕਮਿਆਂ ਨੂੰ ਆਪਣਾ ਰੋਲ ਅਤੇ ਤਜ਼ਰਬਾ ਹੋਣਾ ਲਾਜ਼ਮੀ ਹੈ, ਇਸ ਲਈ ਸਮੂਹ ਵਿਭਾਗ ਇਸ ਮੌਕ ਡਰਿੱਲ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਤਰਾਂ ਦੀ ਸੰਭਾਵੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਤਿਆਰ ਹੋਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵਿਚ ਐਸ.ਡੀ.ਐਮ. ਬੁਢਲਾਡਾ ਨੋਡਲ ਅਫਸਰ ਹੋਣਗੇ ਜੋ ਕਿ ਸਾਰੀ ਕਾਰਗੁਜ਼ਾਰੀ ਵਾਚਣਗੇ। ਉਨ੍ਹਾਂ ਇਸ ਮੌਕੇ ਮੀਟਿੰਗ ਵਿਚ ਮੌਜੂਦ ਵੱਖ-ਵੱਖ ਅਧਿਕਾਰੀਆਂ ਨੂੰ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਜਿੰਮੇਵਾਰੀਆਂ ਸੌਂਪੀਆਂ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ. ਬੁਢਲਾਡਾ ਸ੍ਰੀ ਅਦਿੱਤਯ ਡੇਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਰਾਜਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਐਸ.ਪੀ. (ਐਚ) ਸ੍ਰੀ ਸਤਨਾਮ ਸਿੰਘ ਮੌਜੂਦ ਸਨ ।