ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 26 ਫਰਵਰੀ 2020 - ਅੱਜ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਸ੍ਰ ਕਰਮਜੀਤ ਸਿੰਘ ਰਿੰਟੂ ਅਤੇ ਕੌਂਸਲਰ ਸ੍ਰੀ ਵਿਕਾਸ ਸੋਨੀ ਵੱਲੋਂ ਵਾਰਡ ਨੰ: 54 ਅਤੇ 55 ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਸਬੰਧਤ ਅਫਸਰਾਂ ਨੂੰ ਮੁਸ਼ਕਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਮੇਅਰ ਸ੍ਰ ਰਿੰਟੂ ਅਤੇ ਕੌਸਲਰ ਵਿਕਾਸ ਸੋਨੀ ਵੱਲੋਂ ਇਸਲਾਮਾਬਾਦ ਵਿਖੇ ਪਾਏ ਜਾਣ ਵਾਲੇ ਮੇਨ ਸੀਵਰੇਜ ਦੇ ਕੰਮਾਂ ਦਾ ਉਦਘਾਟਨ ਕੀਤਾ। ਸ੍ਰ ਰਿੰਟੂ ਨੇ ਦੱਸਿਆ ਕਿ 16 ਲੱਖ ਰੁਪਏ ਦੀ ਲਾਗਤ ਨਾਲ ਇਸਲਾਮਾਬਾਦ ਦਾ ਮੇਨ ਸੀਵਰੇਜ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਤੋਂ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਰਿੰਟੂ ਨੇ ਦੱਸਿਆ ਕਿ ਨਵੇਂ ਸੀਵਰੇਜ ਨਾਲ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸਲਾਮਾਬਾਦ ਇਲਾਕੇ ਵਿੱਚ ਐਲ:ਈ:ਡੀ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ।
ਇਸ ਉਪਰੰਤ ਸ੍ਰ ਰਿੰਟੂ ਅਤੇ ਸ੍ਰੀ ਵਿਕਾਸ ਸੋਨੀ ਵੱਲੋਂ ਸ਼ਿਵਨਗਰ ਕਲੋਨੀ ਦੀ ਪਾਰਕ ਦਾ ਦੌਰਾ ਵੀ ਕੀਤਾ। ਸ੍ਰੀ ਵਿਕਾਸ ਸੋਨੀ ਨੇ ਦੱਸਿਆ ਕਿ 8 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਇਸ ਵਿੱਚ ਬੱਚਿਆਂ ਲਈ ਝੂਲੇ ਅਤੇ ਬੈਠਣ ਲਈ ਬੈਂਚ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਾਰਕ ਦੇ ਚੁਫੇਰੇ ਫੁੱਟਪਾਥ ਦਾ ਨਿਰਮਾਣ ਕੀਤਾ ਜਾਵੇਗਾ। ਸ੍ਰੀ ਵਿਕਾਸ ਸੋਨੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸ਼ੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਅੰਦਰ ਪੈਂਦੇ ਸਾਰੇ ਵਾਰਡਾਂ ਦਾ ਮੁਕੰਮਲ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਚੇਅਰਮੈਨ ਸ੍ਰੀ ਮਹੇਸ਼ ਖੰਨਾ, ਕੌਂਸਲਰ ਸ੍ਰੀ ਸੁਰਿੰਦਰ ਛਿੰਦਾ ਸ੍ਰੀ ਪਰਮਜੀਤ ਸਿੰਘ ਚੋਪੜਾ, ਐਕਸੀਅਨ ਸ੍ਰੀ ਵਿਜੈ ਕੁਮਾਰ, ਐਸ:ਡੀ:ਓ ਅਸ਼ਵਨੀ ਕੁਮਾਰ, ਸ੍ਰੀ ਤਰਸੇਮ ਕੁਮਾਰ ਜੇ:ਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।