ਜਗਦੀਸ਼ ਥਿੰਦ
ਫਾਜ਼ਿਲਕਾ, 28 ਫਰਵਰੀ:
ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਉਦਯੋਗਾਂ ਨੂੰ ਹੋਰ ਵਧੇਰੇ ਪ੍ਰੋਫੂਲਿਤ ਕਰਨ ਦੇ ਨਾਲ ਵਪਾਰੀ ਵਰਗ ਅਤੇ ਆਮ ਲੋਕਾਂ ਨੂੰ ਰਾਜ ਸਰਕਾਰ ਦੀਆਂ ਯੋਜਨਾਂਵਾਂ ਤੋਂ ਜਾਗਰੂਕ ਕਰਨ ਦੇ ਮੰਤਵ ਨਾਲ ਰਾਜ ਦੇ ਹਰੇਕ ਜ਼ਿਲ੍ਹਾ ਪੱਧਰ ’ਤੇ ਤਿੰਨ ਰੋਜ਼ਾ ਵਿਸ਼ੇਸ ਟਰੇਡ ਫੇਅਰ/ਐਗਜੀਬਿਸ਼ਨ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਖੇ ਉਦਯੋਗ ਵਿਭਾਗ ਵੱਲੋਂ 26 ਤੋਂ 28 ਮਾਰਚ 2020 ਤੱਕ ਸਿਟੀ ਗਾਰਡਨ ਪੈਲੇਸ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਤਿੰਨ ਰੋਜ਼ਾ ਸਮਾਗਮ ਦੀ ਤਿਆਰੀਆਂ ਨੂੰ ਲੈ ਕੇ ਸਮੀਖਿਆ ਮੀਟਿੰਗ ਕਰਨ ਵੇਲੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰ. ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਰੇਡ ਫੇਅਰ ਸਮਾਗਮ ਦੌਰਾਨ ਆਮ ਲੋਕਾਂ ਨੂੰ ਸਾਰੇ ਵਿਭਾਗ ਆਪਣੀਆਂ ਸਕੀਮਾਂ ਸਬੰਧੀ ਜਾਣਕਾਰੀ ਦੇਣਗੇ। ਉਨ੍ਹਾਂ ਸਮੁਹ ਵਿਭਾਗੀ ਅਧਿਕਾਰੀਆਂ ਨੂੰ ਸਮਾਂ ਰਹਿੰਦੇ ਸਮਾਗਮ ਦੇ ਪ੍ਰਬੰਧਾਂ ਨੂੰ ਸਮਾਂ ਰਹਿੰਦੇ ਆਪਸੀ ਤਾਲਮੇਲ ਨਾਲ ਮੁਕੰਮਲ ਕਰਨ ਦੇ ਆਦੇਸ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਵੱਲੋਂ ਵਿਭਾਗੀ ਯੋਜਨਾਵਾਂ ਅਤੇ ਸਕੀਮਾਂ ਬਾਰੇ ਵੱਧ ਤੋਂ ਵੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਟਾਲਾਂ ਲਗਾਉਣੀਆਂ ਯਕੀਨੀ ਬਣਾਈਆ ਜਾਣ। ਉਨ੍ਹਾਂ ਕਿਹਾ ਕਿ ਉਦਯੋਗ ਸਥਾਪਤ ਕਰਨ ਦੇ ਚਾਹਵਾਨ ਵਪਾਰੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਮਾਗਮ ਵਿੱਚ ਸਮੂਲੀਅਤ ਕਰਨ ਲਈ ਵਿਸੇਸ ਤੌਰ ’ਤੇ ਸੱਦਾ ਦਿੱਤਾ ਜਾਵੇ।
ਇਸ ਮੌਕੇ ਐਸ.ਡੀ.ਐਮ ਫਾਜ਼ਿਲਕਾ ਸੁਭਾਸ ਖੱਟਕ, ਐਸ.ਡੀ.ਐਮ ਜਲਾਲਾਬਾਦ ਕੇਸ਼ਵ ਗੋਇਲ, ਐਸ.ਡੀ.ਐਮ ਅਬੋਹਰ ਵਿਨੋਦ ਕੁਮਾਰ ਬਾਂਸਲ, ਸਹਾਇਕ ਕਮਿਸ਼ਨਰ ਸ਼ਿਕਾਇਤਾ ਪੂਨਮ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ, ਜਸਵਿੰਦਰ ਸਿੰਘ ਫੰਕਸ਼ਨਲ ਮੈਨੇਜਰ ਉਦਯੋਗ ਵਿਭਾਗ, ਕੁਲਵੰਤ ਵਰਮਾ ਉਦਯੋਗ ਅਫ਼ਸਰ, ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ, ਸੁਪਰਡੈਂਟ (ਮਾਲ) ਸੰਦੀਪ ਕੁਮਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।