ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 3 ਅਪ੍ਰੈਲ
ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਤਾਲਾ ਬੰਦੀ ਅਤੇ ਕਰਫਿਊ ਨੂੰ ਪੂਰਨ ਤੌਰ ’ਤੇ ਲਾਗੂ ਕਰਨ ਲਈ ਆਮ ਜਨਤਾ ਨੂੰ ਘਰਾਂ ਤੋਂ ਬਾਹਰ ਜਾਣ ਤੋਂ ਰੋਕਣ ਦੇ ਮੰਤਵ ਲਈ, ਜ਼ਿਲ੍ਹੇ ਅੰਦਰ ਆਰਜੀ ਜੇਲ੍ਹਾਂ ਬਹੁ ਮੰਤਵੀ ਖੇਡ ਸਟੇਡੀਅਮ ਜਲਾਲਾਬਾਦ, ਬਹੁ ਮੰਤਵੀ ਖੇਡ ਸਟੇਡੀਅਮ ਫ਼ਾਜ਼ਿਲਕਾ ਅਤੇ ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ ਹਾਲ ਅਬੋਹਰ ਵਿਖੇ ਬਣਾਈਆਂ ਜਾਂਦੀਆਂ ਹਨ। ਉਨ੍ਹਾਂ ਹੁਕਮ ’ਚ ਦੱਸਿਆ ਕਿ ਸੁਪਰਡੰਟ ਸਬ ਜੇਲ ਫ਼ਾਜ਼ਿਲਕਾ ਆਰਜ਼ੀ ਜੇਲਾਂ ਦੇ ਓਵਰਆਲ ਇੰਚਾਰਜ ਹੋਣਗੇ। ਇਸ ਤੋਂ ਇਲਾਵਾ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਦੀ ਆਰਜ਼ੀ ਜੇਲ ਲਈ ਉਪ ਕਪਤਾਨ ਪੁਲਿਸ ਜਲਾਲਾਬਾਦ, ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਲਈ ਉਪ ਕਪਤਾਨ ਪੁਲਿਸ (ਡੀ) ਫ਼ਾਜ਼ਿਲਕਾ ਅਤੇ ਡੀ.ਏ.ਵੀ. ਕਾਲਜ ਆਡੀਟੋਰੀਅਮ ਹਾਲ ਅਬੋਹਰ ਬਿਲਡਿੰਗ ਅੰਦਰ ਬਣਾਈ ਆਰਜ਼ੀ ਜੇਲ ਲਈ ਕਪਤਾਨ ਪੁਲਿਸ, ਅਬੋਹਰ ਸੁਪਰਡੰਟ ਸਬ ਜੇਲ ਫ਼ਾਜ਼ਿਲਕਾ ਦੀ ਸਹਾਇਤਾ ਲਈ ਨਿਯੁਕਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਸਾਵਧਾਨੀ ਵਰਤਦੇ ਹੋਏ ਰਾਜ ਵਿੱਚ ਤਾਲਾਬੰਦੀ ਦੇ ਨਾਲ-ਨਾਲ ਕਰਫਿਊ ਵੀ ਜਾਰੀ ਰੱਖਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਵਿੱਚ ਜ਼ਿਲ੍ਹਾ ਫਾਜ਼ਿਲਕਾ ਵਿਚ ਤਾਲਾਬੰਦੀ ਅਤੇ ਕਰਫਿਊ ਮਿਤੀ 14 ਅਪ੍ਰੈਲ 2020 ਤੱਕ ਦਾ ਵਾਧਾ ਕੀਤਾ ਗਿਆ ਹੈ।