ਅਸ਼ੋਕ ਵਰਮਾ
ਮਾਨਸਾ, 31 ਮਈ 2020 - ਹਰਿਆਣਾ ਅਤੇ ਪੰਜਾਬ ਦੀ ਸਿੱਖਿਆ ਦੇ 38 ਸਾਲ ਲੇਖੇ ਲਾਕੇ ਬੱਚਿਆਂ ਨੂੰ ਪੜ੍ਹਾਉਣ ਅਤੇ 11 ਸਾਲ ਜ਼ਿਲ੍ਹੇ ਭਰ ਦੇ ਨੰਨੇ ਬਾਲਾਂ ਨੂੰ ਖਿਡਾਉਣ ਵਾਲੇ ਹੈੱਡ ਟੀਚਰ ਬਲਦਰਸ਼ਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮੋਹਰ ਸਿੰਘ ਵਾਲਾ ਤੋਂ ਸੇਵਾ ਮੁਕਤ ਹੋ ਗਏ ਹਨ। ਕੋਰੋਨਾ ਵਾਇਰਸ ਕਾਰਨ ਬੇਸ਼ੱਕ ਕੋਈ ਵਿਦਾਇਗੀ ਸਮਾਗਮ ਨਹੀਂ ਹੋਇਆ। ਪਰ ਜ਼ਿਲ੍ਹੇ ਭਰ ਦੇ ਅਧਿਆਪਕਾਂ ਨੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਰੱਜਵੀਂ ਪ੍ਰਸ਼ੰਸਾ ਕੀਤੀ। ਉਹ ਅੱਜ ਅਪਣੇ ਸਕੂਲ ਆਏ ਅਤੇ ਕੁਝ ਚੋਣਵੇਂ ਸਾਥੀਆਂ ਨੇ ਉਨਾਂ ਨੂੰ ਭਾਵਪੂਰਤ ਤਰੀਕੇ ਨਾਲ ਵਿਦਾਇਗੀ ਦਿੱਤੀ।
ਉਨ੍ਹਾਂ ਦੀਆਂ ਖੇਡ ਸੇਵਾਵਾਂ ਨੂੰ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਨ੍ਹਾਂ ਖੇਡ ਪ੍ਰਬੰਧਾਂ ਚ ਅਹਿਮ ਯੋਗਦਾਨ ਪਾਉਣ ਵਾਲੇ ਬਲਦਰਸ਼ਨ ਸਿੰਘ ਦੇ ਸਾਥੀ ਪ੍ਰਭੂ ਸਿੰਘ ਸੈਂਟਰ ਹੈੱਡ ਟੀਚਰ ਥੋੜਾ ਅਰਸਾ ਪਹਿਲਾ ਸੇਵਾ ਮੁਕਤ ਹੋਏ ਹਨ ਜਦੋਂਕਿ ਤੀਸਰੇ ਪ੍ਰੀਤਮ ਸਿੰਘ ਗੁਰਥੜੀ ਸੈਂਟਰ ਹੈੱਡ ਟੀਚਰ ਗੁਰਨੇ ਕਲਾਂ ਸੇਵਾ ਮੁਕਤੀ ਦੇ ਨਜ਼ਦੀਕ ਹਨ। ਇੰਨਾਂ ਤਿੰਨਾਂ ਨੇ ਦਹਾਕਾ ਭਰ ਇਕੱਠਿਆਂ ਪ੍ਰਾਇਮਰੀ ਖੇਡਾਂ ਨੂੰ ਉਸ ਸਮੇਂ ਦੌਰਾਨ ਸਫਲ ਬਣਾਇਆ।
ਉਹ ਹਰਿਆਣਾ ਵਿਖੇ ਮਹਿਮੜਾ ਤੇ ਮੀਰਾਣਾਂ ਵਿਖੇ ਸਰਵਿਸ ਕਰਨ ਤੋਂ ਬਾਅਦ ਪੰਜਾਬ ਵਿੱਚ ਰਿਉਂਦ ਕਲਾਂ ਤੇ ਖੁਰਦ, ਹੋਡਲਾ ਕਲਾਂ, ਤੇ ਮੋਹਰ ਸਿੰਘ ਵਾਲਾ ਵਿਖੇ ਨੌਕਰੀ ਕੀਤੀ, ਲੰਬਾ ਸਮਾਂ ਖੇਡ ਅਫਸਰ ਦੇ ਤੌਰ ਤੇ ਕੰਮ ਕੀਤਾ। ਉਨ੍ਹਾਂ ਅਧਿਆਪਕ ਦਲ ’ਚ ਰਹਿਕੇ ਅਧਿਆਪਕਾਂ ਦੀਆਂ ਹੱਕੀਂ ਮੰਗਾਂ ਮਸਲਿਆਂ ਤੇ ਜਥੇਬੰਦੀ ਦਾ ਡਟਕੇ ਸਾਥ ਦਿੱਤਾ। ਜਥੇਬੰਦੀ ਨੇ ਉਨਾਂ ਨੂੰ ਬਣਦਾ ਸਤਿਕਾਰ ਦਿੱਤਾ। ਅੱਜ ਵੀ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਮਾਨ, ਪ੍ਰੀਤਮ ਸਿੰਘ ਗੁਰਥੜੀ, ਨੇ ਉਨਾਂ ਨੂੰ ਸਾਦੇ ਰੂਪ ਵਿੱਚ ਵਧਾਈ ਦਿੱਤੀ ਅਤੇ ਭਵਿੱਖ ਚ ਉਨਾਂ ਦੇ ਦੁੱਖਾਂ ਸੁੱਖਾਂ ਚ ਖੜਨ ਦਾ ਭਰੋਸਾ ਦਿੱਤਾ।ਇਸ ਮੌਕੇ ਬਲਾਕ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ,ਸੁਖਦੇਵ ਸਿੰਘ ਧਾਲੀਵਾਲ, ਗੁਰਇਕਬਾਲ ਸਿੰਘ, ਬਬੀਤਾ ਰਾਣੀ,ਗੁਰਦੇਵ ਕੌਰ,ਬਲਜਿੰਦਰ ਖਿਆਲਾ,ਭਰਪੂਰ ਸਿੰਘ ,ਅਮਨਦੀਪ ਕੁਮਾਰ ਹਾਜ਼ਰ ਸਨ,ਜਿਨਾਂ ਨੇ ਉਨਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਵਧਾਈ ਦਿੱਤੀ।