ਰਜਨੀਸ਼ ਸਰੀਨ
- ਇਕਾਂਤਵਾਸ ਤੋੜ ਕੇ ਬਾਹਰ ਘੁੰਮਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤੀ
ਨਵਾਂਸ਼ਹਿਰ, 2 ਜੂਨ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਖ਼ਿਲਾਫ਼ ਮੁਹਿੰਮ ਨੂੰ ਅੱਗੇ ਲਿਜਾਣ ਲਈ ਜਾਰੀ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ‘ਇਕਾਂਤਵਾਸ’ ਨੇਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ, ਕਿਉਂ ਜੋ ਬਿਮਾਰੀ ਨੂੰ ਇੱਕ ਥਾਂ ’ਤੇ ਹੀ ਰੋਕਣ ਲਈ ਬਾਹਰੋਂ ਆਉਣ ਵਾਲੇ ਵਿਅਕਤੀ ਦਾ ਇਕਾਂਤਵਾਸ ਜ਼ਰੂਰੀ ਹੈ।
ਇਹ ਪ੍ਰਗਟਾਵਾ ਕਰਦਿਆਂ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਅੱਹ ਸ਼ਾਮ ਇੱਥੇ ਦੱਸਿਆ ਕਿ ਸਬ ਡਵੀਜ਼ਨ ਨਵਾਂਸ਼ਹਿਰ ਨੂੰ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਮੁਕਤ ਬਣਾਉਣ ਲਈ ਜਿੱਥੇ ‘ਇਕਾਂਤਵਾਸ’ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਉੱਥੇ ਅਜਿਹੇ ਵਿਅਕਤੀਆਂ ਨੂੰ ਘਰੇਲੂ ਇਕਾਂਤਵਾਸ ਤੋਂ ਬਾਹਰ ਆਉਣ ’ਤੇ ਮੁੜ ਤੋਂ ਉਨੇ ਦਿਨ ਲਈ ‘ਸਟੇਟ ਇਕਾਂਤਵਾਸ’ ’ਚ ਰਹਿਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਡੀ ਐਸ ਪੀ ਨਵਾਂਸ਼ਹਿਰ ਸਬ ਡਵੀਜ਼ਨ ਨੂੰ ਜਿੱਥੇ ਅਜਿਹੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਉੱਥੇ ਨਵਾਂਸ਼ਹਿਰ ਅਤੇ ਔੜ ਦੇ ਬੀ ਡੀ ਪੀ ਓਜ਼ ਅਤੇ ਸੀ ਡੀ ਪੀ ਓਜ਼ ਨੂੰ ਵਿਸ਼ੇਸ਼ ਤੌਰ ’ਤੇ ਅਜਿਹੇ ਇਕਾਂਤਵਾਸ ਕੀਤੇ ਵਿਅਕਤੀ ਦੀ ਸੂਚਨਾ ਉਨ੍ਹਾਂ ਨੂੰ ਜਾਂ ਸਿੱਧੇ ਤੌਰ ’ਤੇ ਪੁਲਿਸ ਨੂੰ ਦੇ ਕੇ ਬਣਦੀ ਕਾਰਵਾਈ ਕਰਵਾਉਣ ਲਈ ਕਿਹਾ ਗਿਆ ਹੈ।
ਉੱਪ ਮੰਡਲ ਮੈਜਿਸਟ੍ਰੇਟ ਅਨੁਸਾਰ ਕਲ੍ਹ ਸ਼ਾਮ ਮੁੱਖ ਸਕੱਤਰ ਪੰਜਾਬ ਵੱਲੋਂ ਕੀਤੀ ਗਈ ਵੀਡਿਓ ਕਾਨਫ਼ਰੰਸਿੰਗ ਦੌਰਾਨ ਵੀ ਇਕਾਂਤਵਾਸ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਆਦੇਸ਼ ਦਿੰਦਿਆਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਉਣ ਲਈ ਆਖਿਆ ਗਿਆ ਹੈ।