ਅਸ਼ੋਕ ਵਰਮਾ
ਮਾਨਸਾ, 5 ਜੂਨ 2020 - ਲੰਮੇ ਲਾਕਡਾਊਨ (ਤਾਲਾਬੰਦੀ) ਦੇ ਕਾਰਨ ਜਿੱਥੇ ਆਰਥਿਕ ਤੌਰ 'ਤੇ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਇਆ ਹੈ ਉੱਥੇ ਸਭ ਤੋਂ ਹੇਠਲੇ ਪਾਏਦਾਨ ਤੇ ਖੜੇ ਗਰੀਬ ਲੋਕ ਭੁੱਖਮਰੀ ਨਾਲ ਜੂਝ ਰਹੇ ਹਨ ਅਤੇ ਸਰਕਾਰ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਤਮਾਸ਼ਗੀਨ ਦੀ ਭੂਮਿਕਾ ਨਿਭਾ ਰਹੀ ਹੈ। ਪੰਜਾਬ ਖੇਤ ਮਜਦੂਰ ਸਭਾ ਦੇ ਬੈਨਰ ਹੇਠ ਹਜਾਰਾਂ ਔਰਤਾਂ ਅਤੇ ਮਜਦੂਰਾਂ ਵੱਲੋਂ ਮਾਈਕਰੋ ਫਾਇਨਾਂਸ ਸਮੇਤ ਪ੍ਰਾਈਵੇਟ ਕੰਪਨੀਆਂ ਦੀ ਜਬਰੀ ਉਗਰਾਹੀ ਖਿਲਾਫ ਕਰਜਾ ਮੁਕਤੀ ਤਹਿਤ ਰੋਹ ਭਰਪੂਰ ਮੁਜਾਹਰਾ ਕਰਕੇ ਜਿਲਾ ਕਚਹਿਰੀਆਂ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਚੌਹਾਨ, ਜਿਲਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਅਤੇ ਜਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਕੁਸਲਾ ਦੀ ਅਗਵਾਈ ਹੇਠ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਗਿਆ। ਇਸ ਸਮੇਂ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਸਵੈ ਰੁਜਗਾਰ ਦੇ ਨਾਮ 'ਤੇ ਗਰੁੱਪ ਬਣਾ ਕੇ ਦਿੱਤੇ ਕਰਜਿਆਂ ਨੂੰ ਸਰਕਾਰ ਮੁਆਫ ਕਰਵਾਵੇ ਜਾਂ ਆਪਣੇ ਜਿੰਮੇ ਲਵੇ।
ਉਹਨਾਂ ਕਿਹਾ ਕਿ ਲਾਕਡਾਊਨ ਕਾਰਨ ਮਾੜੀ ਆਰਥਿਕਤਾ ਦੀਆਂ ਝੰਬੀਆਂ ਹੋਈਆਂ ਔਰਤਾਂ ਤੇ ਮਜ਼ਦੂਰ ਕਰਜਾ ਮੋੜਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਹਨ ਜਦੋਂਕਿ ਨਿੱਜੀ ਕੰਪਨੀਆਂ ਦੇ ਕਰਿੰਦੇ ਜਬਰੀ ਕਿਸ਼ਤਾਂ ਭਰਾਉਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕਰਜਾ ਮੁਕਤੀ ਅੰਦੋਲਨ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਇਸ ਮੌਕੇ ਉਨਾਂ ਕਥਿਤ ਸਿਆਸੀ ਦਬਾਅ ਤਹਿਤ ਕੱਟੇ ਨੀਲੇ ਕਾਰਡਾਂ ਦਾ ਮੁੱਦਾ ਉਠਾਇਆ ਅਤੇ ਉਨਾਂ ਨੂੰ ਫੌਰੀ ਤੌਰ 'ਤੇ ਬਿਨਾਂ ਸ਼ਰਤਾਂ ਬਹਾਲ ਕਰਨ ਅਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਹੱਕਦਾਰਾਂ ਨੂੰ ਹੱਕ ਦਿਵਾਉਣ ਦੀ ਮੰਗ ਵੀ ਕੀਤੀ। ਸਾਥੀ ਅਰਸ਼ੀ ਨੇ ਮਜਦੂਰਾਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ 10-10 ਹਜਾਰ ਰੁਪਏ ਪ੍ਰਤੀ ਪਰਿਵਾਰ ਆਰਥਿਕ ਮਦਦ ਦੇਣ ਅਤੇ ਹਰ ਮਹੀਨੇ 7500 ਰੁਪਏ ਦੇਣ ਦੀ ਮੰਗ ਵੀ ਕੀਤੀ।
ਰੋਸ ਰੈਲੀ ਮੌਕੇ ਪੰਜਾਬ ਖੇਤ ਮਜਦੂਰ ਸਭਾ ਦੇ ਜਿਲਾ ਪ੍ਰਧਾਨ ਕਿ੍ਰਸ਼ਨ ਚੌਹਾਨ ਅਤੇ ਜਿਲਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕਿ ਕਰਜਾ ਮੁਕਤੀ ਅੰਦੋਲਨ ਕਰਜਾ ਮੁਆਫ ਕਰਵਾਉਣ ਤੱਕ ਜਾਰੀ ਰਹੇਗਾ। ਇਸ ਸਮੇਂ ਉਹਨਾਂ ਕਿਹਾ ਕਿ ਝੋਨੇ ਦੀ ਲਵਾਈ ਸਮੇਂ ਪਿੰਡਾਂ ਵਿੱਚ ਮਜਦੂਰਾਂ ਅਤੇ ਕਿਸਾਨਾਂ ਦੀਆਂ ਸਮਝੀਆਂ ਕਮੇਟੀਆਂ ਬਣਾਈਆਂ ਜਾਣ ਤਾਂ ਜੋ ਸ਼ਰਾਰਤੀ ਅਨਸਰ ਭਾਈਚਾਰਕ ਵੰਡ ਨਾ ਕਰ ਸਕਣ। ਇਸ ਮੌਕੇ ਮਨਜੀਤ ਕੌਰ ਗਾਮੀਵਾਲਾ, ਮਨਜੀਤ ਕੌਰ ਦਲੇਲ ਸਿੰਘ ਵਾਲਾ, ਐਡਵੋਕੇਟ ਰੇਖਾ ਸ਼ਰਮਾ, ਕਿਰਨਾ ਰਾਣੀ ਐਮ.ਸੀ., ਕੁਲਵਿੰਦਰ ਕੌਰ, ਗੁਰਮੀਤ ਕੌਰ ਬੁਢਲਾਡਾ, ਪਰਮਜੀਤ ਕੌਰ ਬਾਜੇਵਾਲਾ, ਹਰਜਿੰਦਰ ਕੌਰ ਪੰਚ, ਚਰਨਜੀਤ ਕੌਰ ਚਹਿਲਾਂਵਾਲਾ, ਰਤਨ ਭੋਲਾ, ਕਰਨੈਲ ਸਿੰਘ ਦਾਤੇਵਾਸ, ਸੁਖਦੇਵ ਸਿੰਘ ਪੰਧੇਰ, ਬਲਵੰਤ ਸਿੰਘ ਭੈਣੀਬਾਘਾ, ਪੱਪੀ ਮੂਲਾ ਸਿੰਘ ਵਾਲਾ, ਕਾਕਾ ਸਿੰਘ ਮਾਨਸਾ, ਦਰਸ਼ਨ ਪੰਧੇਰ, ਮਿੱਠੂ ਮੰਦਰ, ਦਲਜੀਤ ਮਾਨਸ਼ਾਹੀਆ, ਰੂਪ ਸਿੰਘ ਢਿੱਲੋਂ, ਜਗਰਾਜ ਸਿੰਘ ਹੀਰਕੇ ,ਨਿਰਮਲ ਮਾਨਸਾ, ਰਾਮ ਸਿੰਘ, ਸੁਖਦੇਵ ਉਸਾਰੀ ਯੂਨੀਅਨ, ਚਿਮਨ ਲਾਲ ਕਾਕਾ ਅਤੇ ਸੁਖਪਾਲ ਸਿੰਘ ਉੱਭਾ ਆਦਿ ਆਗੂਆਂ ਨੇ ਸੰਬੋਧਨ ਕੀਤਾ।