ਜੀ ਐਸ ਪੰਨੂ
ਪਟਿਆਲਾ, 21 ਜੂਨ 2020 - ਕੋਵਿਡ ਖ਼ਿਲਾਫ਼ ਜੰਗ ਨੂੰ ਸੂਬੇ 'ਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਮਿਸ਼ਨ ਫਤਹਿ' ਤਹਿਤ ਅਰੰਭ ਕੀਤੀ ਜਾਗਰੂਕਤਾ ਮੁਹਿੰਮ ਦਾ ਘੇਰਾ ਅੱਜ ਉਸ ਵੇਲੇ ਹੋਰ ਵਿਸ਼ਾਲ ਹੋ ਗਿਆ ਜਦੋਂ ਪਟਿਆਲਾ ਦੀਆਂ ਰੈਜੀਡੈਂਟਸ ਵੈਲਫੇਅਰ ਕਮੇਟੀਆਂ ਨੇ ਆਪੋ ਆਪਣੇ ਗਲੀ ਮੁਹੱਲਿਆਂ 'ਚ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਮੁਹੱਲਾ ਕਮੇਟੀਆਂ, ਵੈਲਫੇਅਰ ਸੁਸਾਇਟੀਆਂ ਤੇ ਐਸੋਸੀਏਸ਼ਨਾਂ ਨੇ ਸਥਾਨਕ ਵਸਨੀਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਇਹਤਿਆਤ ਵਰਤਣ ਲਈ ਪ੍ਰੇਰਤ ਕੀਤਾ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਅਧੀਨ ਆਉਂਦੀਆਂ ਵੱਖ-ਵੱਖ ਕਲੋਨੀਆਂ ਵਿੱਚ ਮੇਅਰ ਸੰਜੀਵ ਸ਼ਰਮਾ ਅਤੇ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਮੁਹੱਲਾ ਕਮੇਟੀਆਂ ਅਤੇ ਰੈਜੀਡੈਂਟਸ ਵੈਲਫੇਅਰ ਸੁਸਾਇਟੀਆਂ ਨੇ ਖ਼ੁਦ ਮਿਸ਼ਨ ਫ਼ਤਿਹ ਯੋਧੇ ਬਣਦਿਆਂ ਆਪਣੇ ਮੁਹੱਲਿਆਂ 'ਚ ਕੋਰੋਨਾ ਵਾਇਰਸ ਤੋਂ ਬਚਣ ਦੀ ਮੁਹਿੰਮ ਚਲਾਈ। ਇਸ ਦੌਰਾਨ ਲੋਕਾਂ ਨੂੰ ਹੱਥ ਧੋਣ, ਮਾਸਕ ਲਗਾਉਣ, ਇਕੱਠ ਨਾ ਕਰਨ ਬਾਰੇ ਦੱਸਦਿਆਂ ਉਨ੍ਹਾਂ ਦੇ ਮੋਬਾਇਲਾਂ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਨਿਗਮ ਦੇ ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ਼ ਇਸ ਸਬੰਧੀਂ ਸਾਰੀਆਂ ਮੁਹੱਲਾ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖ ਰਹੇ ਸਨ। ਇਨ੍ਹਾਂ ਸੁਸਾਇਟੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਜੰਗ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਲੜਾਈ ਹੈ, ਇਸ ਲਈ ਮਿਸ਼ਨ ਫ਼ਤਿਹ ਦਾ ਸਾਥ ਦੇਣਾ ਸਭ ਦਾ ਸਾਂਝਾ ਫ਼ਰਜ਼ ਹੈ।
ਇਨ੍ਹਾਂ ਵਿੱਚ ਨਿਊ ਯਾਦਵਿੰਦਰਾ ਵੈਲਫੇਅਰ ਸੁਸਾਇਟੀ, ਦਰਸ਼ਨ ਨਗਰ, ਸੁਧਾਰ ਲਹਿਰ ਵੈਲਫੇਅਰ ਸੁਸਾਇਟੀ, ਪਾਵਰ ਹਾਊਸ ਯੂਥ ਕਲੱਬ, ਪਟਿਆਲਾ ਹਾਈਟਸ ਵੈਲਫੇਅਰ ਸੁਸਾਇਟੀ, ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ, ਮਜੀਠੀਆ ਇਨਕਲੇਵ, ਢਿੱਲੋਂ ਕਲੋਨੀ, ਵਿਕਾਸ ਕਲੋਨੀ, ਸੰਜੀਵਨੀ ਰੈਜੀਡੈਂਟਸ ਵੈਲਫੇਅਰ ਸੁਸਾਇਟੀ, ਮਾਡਲ ਟਾਊਨ, ਏਕਤਾ ਵਿਹਾਰ, ਰੈਜੀਡੈਂਟਸ ਵੈਲਫੇਅਰ ਸੁਸਾਇਟੀ ਤਫ਼ੱਜਲਪੁਰਾ ਸਮੇਤ ਹੋਰ ਦਰਜਨਾਂ ਕਲੋਨੀਆਂ ਦੀਆਂ ਸੁਸਾਇਟੀਆਂ ਸ਼ਾਮਲ ਸਨ, ਜਿਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਦੌਰਾਨ ਇਨ੍ਹਾਂ ਵੱਲੋਂ ਦੱਸਿਆ ਗਿਆ ਕਿ 'ਮਿਸ਼ਨ ਫਤਹਿ' ਤਹਿਤ ਮਾਸਕ ਪਾਉਣ, ਹੱਥ ਧੋਣ, ਸਮਾਜਕ ਦੂਰੀ ਬਣਾ ਕੇ ਰੱਖਣ, ਬਜ਼ੁਰਗਾਂ ਦੀ ਦੇਖਭਾਲ, ਇਲਾਕੇ ਵਿਚ ਬਾਹਰੀ ਲੋਕਾਂ ਦੇ ਦਾਖ਼ਲੇ ਪ੍ਰਤੀ ਜਾਗਰੂਕ ਰਹਿਣ, ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਲਈ ਕੋਵਾ ਐਪ ਦੀ ਵਰਤੋਂ ਕਰਨਾ ਵੀ ਅਤਿ ਜਰੂਰੀ ਹੈ। ਕੋਰੋਨਾ ਦੇ ਲੱਛਣ ਸਾਹਮਣੇ ਆਉਣ 'ਤੇ ਘਰੇਲੂ ਇਕਾਂਤਵਾਸ, ਉਲੰਘਣਾ ਦੇ ਮਾਮਲੇ ਵਿੱਚ ਜ਼ੁਰਮਾਨੇ, ਮਹਾਮਾਰੀ ਵਿਰੁੱਧ ਜਾਰਗਰੂਕਤਾ ਅਤੇ ਵਾਇਰਸ ਦੇ ਖਤਰੇ ਨੂੰ ਪਛਾਣਨ 'ਤੇ ਜ਼ੋਰ ਦਿੱਤਾ ਗਿਆ।