ਮਨਿੰਦਰਜੀਤ ਸਿੱਧੂ
- ਓ.ਏ.ਟੀ. ਸੈਂਟਰ ਜੈਤੋ ਵਿਖੇ ਮਰੀਜ਼ਾਂ ਦੀ ਹੁੰਦੀ ਹੈ ਖੱਜਲ ਖੁਆਰੀ
ਜੈਤੋ, 11 ਜੁਲਾਈ 2020 - ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਲਗਾਏ ਕਰਫ਼ਿਊ ਨਾਲ ਪੰਜਾਬ ਅੰਦਰ ਨਸ਼ਿਆਂ ਦੀ ਸਪਲਾਈ ਲਾਈਨ ਵੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਪੰਜਾਬ ਸਰਕਾਰ ਦੁਆਰਾ ਹਸਪਤਾਲਾਂ ਵਿੱਚ ਖੋਲ੍ਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਲਈ ਦਿੱਤੀ ਜਾਣ ਵਾਲੀ ਖੁਰਾਕ ਲੈਣ ਲਈ ਲੋਕਾਂ ਦੀ ਭੀੜ ਵਧ ਗਈ ਹੈ।
ਅੱਜ ਜੈਤੋ ਦੇ ਸਿਵਲ ਹਸਪਤਾਲ ਵਿਖੇ ਬਣੇ ਓਟ ਸੈਂਟਰ ਵਿਖੇ ਮਰੀਜ਼ਾਂ ਵੱਲੋਂ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਓਟ ਸੈਂਟਰਾਂ ਵਿੱਚ ਨਸ਼ਾ ਛੱਡਣ ਵਾਲੀ ਦਵਾਈ ਨਾ ਭੇਜਣ ਕਰਕੇ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਅਸੀਂ ਤਕਰਬੀਨ 350 ਮਰੀਜ਼ ਹਰ ਰੋਜ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਆਉਂਦੇ ਹਾਂ। ਅਸੀਂ ਸਾਰੇ ਲੋਕ ਗਰੀਬ ਅਤੇ ਦਿਹਾੜੀਦਾਰ ਹਾਂ। ਅਸੀਂ ਸਵੇਰੇ 7 ਵਜੇ ਓਟ ਸੈਂਟਰ ਅੱਗੇ ਲਾਈਨ ਲਗਾ ਲੈਂਦੇ ਹਾਂ। ਉਹਨਾਂ ਕਿਹਾ ਕਿ ਸਾਡਾ ਪੂਰਾ ਦਿਨ ਨਸ਼ਾ ਛੱਡਣ ਦੀ ਇੱਕ ਗੋਲੀ ਲੈਣ ਲਈ ਲੰਘ ਜਾਂਦਾ ਹੈ ਅਤੇ ਸਾਡੀ ਦਿਹਾੜੀ ਮਰ ਜਾਂਦੀ ਹੈ।
ਇਸ ਤਰ੍ਹਾਂ ਸਾਡਾ ਦੂਹਰਾ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਸਰਕਾਰ ਜੇਕਰ ਵਾਕਿਆ ਹੀ ਸਾਡਾ ਨਸ਼ਾ ਛੁਡਾਉਣਾਂ ਚਾਹੁੰਦੀ ਹੈ ਤਾਂ ਸਾਨੂੰ ਨਸ਼ਾ ਛੱਡਣ ਲਈ ਜੋ ਖੁਰਾਕ ਦਿੰਦੀ ਹੈ ਉਸਦਾ ਪ੍ਰਬੰਧ ਪੂਰਾ ਕਰਕੇ ਦੇਵੇ। ਸਾਨੂੰ ਇੱਕ ਖੁਰਾਕ ਦੇ ਕੇ ਤੋਰ ਦਿੱਤਾ ਜਾਂਦਾ ਹੈ ਅਗਲੇ ਦਿਨ ਫਿਰ ਸਾਨੂੰ ਇੱਕ ਖੁਰਾਕ ਲੈਣ ਲਈ ਆਉਂਣਾਂ ਪੈਂਦਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਨੂੰ ਨਸ਼ਾ ਛੱਡਣ ਦੀ ਦਵਾਈ ਦੀ ਖੁਰਾਕ 10 ਦਿਨ ਦੀ ਦਿੱਤੀ ਜਾਵੇ ਤਾਂ ਜੋ ਸਾਨੂੰ ਰੋਜ਼ਾਨਾ ਖੱਜ਼ਲ ਖੁਆਰ ਨਾ ਹੋਣਾ ਪਵੇ। ਜਿਕਰਯੋਗ ਹੈ ਕਿ ਇੱਕਠ ਜਿਆਦਾ ਹੋਣ ਕਰਕੇ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉਡਦੀਆਂ ਹਨ ਪਰ ਨਾ ਤਾਂ ਸਿਵਲ ਪ੍ਰਸ਼ਾਸਨ ਅਤੇ ਨਾ ਹੀ ਸਿਹਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਹੈ।
ਕੀ ਕਹਿੰਦੇ ਹਨ ਐਸ.ਐਮ.ਓ. ਜੈਤੋ?
ਜਦ ਇਸ ਸਬੰਧੀ ਅਸੀਂ ਐਸ.ਐਮ.ਓ. ਜੈਤੋ ਡਾ. ਕੀਮਤੀ ਲਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੱਛੋਂ ਮਹਿਕਮੇ ਵੱਲੋਂ ਹੀ ਦਵਾਈ ਦੀ ਸਪਲਾਈ ਘੱਟ ਆ ਰਹੀ ਜਿਸਦੇ ਚਲਦਿਆਂ ਸਪਲਾਈ ਮੁਤਾਬਿਕ ਅੱਗੇ ਦਵਾਈ ਤਕਸੀਮ ਕੀਤੀ ਜਾਂਦੀ ਹੈ। ਲਾਕਡਾਊਨ ਕਰਕੇ ਇਸ ਦਵਾਈ ਦੀ ਮੰਗ ਜਿਆਦਾ ਵਧ ਜਾਣ ਕਰਕੇ ਥੋੜੀ ਪਰੇਸ਼ਾਨੀ ਆ ਰਹੀ ਹੈ। ਅਸੀਂ ਅਧਿਕਾਰੀਆਂ ਨੂੰ ਇਸ ਸਬੰਧੀ ਲਿਖ ਕੇ ਵੀ ਦਿੱਤਾ ਹੈ ਜਲਦ ਹੀ ਦਵਾਈ ਵੱਧ ਮਾਤਰਾ ਵਿੱਚ ਮੰਗਵਾਈ ਜਾਵੇਗੀ।