- ਫੈਡਰੇਸ਼ਨ ਮਹਿਤਾ ਆਗੂਆਂ ਨੇ ਸਿਰੋਪਾਓ ਦੇ ਕੇ ਕੀਤਾ ਸੁਆਗਤ
ਫਿਰੋਜ਼ਪੁਰ, 12 ਜੁਲਾਈ 2020 - ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਜੋ ਸਾਧਵੀਆਂ ਦੇ ਜਬਰ ਜਨਾਹ ਕਈ ਕਤਲਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਛਲੇ ਸਮੇਂ ਦੌਰਾਨ ਹੋਈ ਨਿਰਾਦਰੀ ਅਤੇ ਕਈ ਹੋਰ ਕੇਸਾਂ ਵਿਚ ਦੋਸ਼ੀ ਮੰਨਿਆ ਜਾ ਰਿਹਾ ਹੈ ਅਤੇ ਇਸ ਸਮੇਂ ਸੁਨਾਰੀਆ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ ਦੇ ਵਿਰੁੱਧ ਇਸ ਡੇਰੇ ਨਾਲ ਜੁੜੇ ਪੈਰੋਕਾਰ ਵਿਚ ਵੀ ਇਨ੍ਹਾਂ ਗੱਲਾਂ ਨੂੰ ਲੈ ਕੇ ਰੋਹ ਹੈ ਵੱਲੋਂ ਇਸ ਡੇਰੇ ਤੋਂ ਲਗਾਤਾਰ ਨਾਤਾ ਤੋੜਿਆ ਜਾ ਰਿਹਾ ਹੈ। ਇਸੇ ਹੀ ਕੜੀ ਤਹਿਤ ਅੱਜ ਸਥਾਨਕ ਸ਼ਹਿਰ ਦੇ ਜ਼ੀਰਾ ਗੇਟ ਦੇ ਰਹਿਣ ਵਾਲੇ ਕਈ ਪਰਿਵਾਰਾਂ ਨੇ ਡੇਰੇ ਦੀਆਂ ਅਜਿਹੀਆਂ ਗਲਤ ਗਤੀਵਿਧੀਆਂ ਤੋਂ ਤੰਗ ਆ ਕੇ ਹਮੇਸ਼ਾ ਲਈ ਇਸੇ ਡੇਰੇ ਨੂੰ ਅਲਵਿਦਾ ਕਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਾ ਐਲਾਨ ਕਰ ਦਿੱਤਾ।
ਅੱਜ ਸ਼ਹਿਰ ਦੇ ਮੱਖੂ ਗੇਟ ਸਥਿਤ ਗੁਰਦੁਆਰਾ ਭਾਈ ਹਾਕਮ ਸਿੰਘ ਵਿਖੇ ਰੱਖੇ ਇਕ ਸਾਦੇ ਸਮਾਗਮ ਵਿਚ ਇਲਾਕੇ ਦੀ ਉੱਘੀ ਧਾਰਮਿਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਆਗੂਆਂ ਭਾਈ ਜਸਪਾਲ ਸਿੰਘ, ਭਗਵਾਨ ਸਿੰਘ ਦੜਿਆਲ, ਸੁਖਦੇਵ ਸਿੰਘ ਲਾਡਾ, ਮਨਜੀਤ ਸਿੰਘ ਔਲਖ, ਕੁਲਦੀਪ ਸਿੰਘ, ਭਾਈ ਸਲਵਿੰਦਰ ਸਿੰਘ ਅਤੇ ਰਜਿੰਦਰ ਸਿੰਘ ਨੇ ਅਰਦਾਸ ਉਪਰੰਤ ਇਨ੍ਹਾਂ ਪਰਿਵਾਰਾਂ ਜੋਗਿੰਦਰ ਪਾਲ ਪੁੱਤਰ ਜੀਵਨ ਸਿੰਘ, ਊਸ਼ਾ ਰਾਣੀ, ਅਸੀਸ ਅਤੇ ਰਾਹੁਲ ਆਦਿ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਇਨ੍ਹਾਂ ਨੂੰ ਜੀ ਆਇਆ ਕਹਿ ਸੁਆਗਤ ਕੀਤਾ।
ਇਨ੍ਹਾਂ ਪਰਿਵਾਰਾਂ ਨੇ ਫੈਡਰੇਸ਼ਨ ਆਗੂਆਂ ਨੂੰ ਲਿਖਤੀ ਵਿਸਵਾਸ਼ ਦੁਆਇਆ ਕਿ ਹੁਣ ਉਨ੍ਹਾਂ ਦਾ ਡੇਰਾ ਸਿਰਸਾ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਨਹੀਂ ਰਿਹਾ ਅਤੇ ਨਾ ਹੀ ਅੱਗੇ ਤੋਂ ਉਹ ਰੱਖਣਗੇ। ਹੁਣ ਉਹ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਅਸਲੀ ਗੁਰੂ ਸਮਝਣਗੇ। ਉਨ੍ਹਾਂ ਦੱਸਿਆ ਕਿ ਡੇਰਾ ਸਿਰਸਾ ਦੀਆਂ ਅਜੋਕੀਆਂ ਗਤੀਵਿਧੀਆਂ ਨਾਲ ਉਨ੍ਹਾਂ ਦੇ ਹਿਰਦੇ ਵਲੂੰਦਰੇ ਹੋਏ ਹਨ ਇਸ ਲਈ ਉਨ੍ਹਾਂ ਨੇ ਡੇਰੇ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਕਰਨੈਲ ਸਿੰਘ ਸੰਧੂ ਅਤੇ ਸੁਖਵੀਰ ਸਿੰਘ ਸੰਧੂ ਆਦਿ ਆਗੂ ਵੀ ਹਾਜ਼ਰ ਸਨ।