← ਪਿਛੇ ਪਰਤੋ
ਜਗਦੀਸ਼ ਥਿੰਦ
ਅਬੋਹਰ, 3 ਅਗਸਤ ਅਬੋਹਰ ਸ਼ਹਿਰ ਦੀਆਂ ਸੜਕਾਂ ਜਲਦ ਹੀ ਨਵੀਂਆਂ ਐਲਈਡੀ ਲਾਈਟਾਂ ਨਾਲ ਜਗਮਗਾਉਂਦੀਆਂ ਨਜਰ ਆਉਣਗੀਆਂ। ਇਹ ਜਾਣਕਾਰੀ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਆਈ.ਏ.ਐਸ. ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਨਗਰ ਨਿਗਮ ਅਬੋਹਰ ਨੇ ਇਸ ਸਬੰਧੀ ਅੱਜ ਈਈਐਸਐਲ ਕੰਪਨੀ ਨਾਲ ਕਰਾਰ ਕੀਤਾ ਹੈ। ਇਸ ਕਰਾਰ ਤਹਿਤ ਨਾ ਕੇਵਲ ਇਹ ਕੰਪਨੀ ਸ਼ਹਿਰ ਵਿਚ ਸਟਰੀਟ ਲਾਈਟਾਂ ਲਗਾਏਗੀ ਬਲਕਿ ਸੱਤ ਸਾਲਾਂ ਤੱਕ ਉਨਾਂ ਦੀ ਸਾਂਭ ਸੰਭਾਲ ਦਾ ਜਿੰਮਾਂ ਵੀ ਇਸੇ ਕੰਪਨੀ ਦਾ ਹੋਵੇਗੇ। ਇੱਥੇ ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਹੀ ਅਬੋਹਰ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਸੀ ਤਾਂ ਜੋ ਇਸ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ੍ਰੀ ਅਭਿਜੀਤ ਕਪਲਿਸ ਨੇ ਦੱਸਿਆ ਕਿ ਇਸ ਕਰਾਰ ਅਨੁਸਾਰ ਕੰਪਨੀ ਵੱਲੋਂ ਅਬੋਹਰ ਸ਼ਹਿਰ ਵਿਚ 3670 ਪੁਰਾਣੀਆਂ ਲਾਈਟਾਂ ਨੂੰ ਬਦਲ ਕੇ ਨਵੀਂਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਉਨਾਂ ਕਿਹਾ ਕਿ ਆਮ ਤੌਰ ਤੇ ਕੋਈ ਵੀ ਠੇਕੇਦਾਰ ਸਟਰੀਟ ਲਾਈਟਾਂ ਲਗਾ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਨਾਂ ਦੀ ਸਾਂਭ ਸੰਭਾਲ ਵੱਡੀ ਚੁਣੌਤੀ ਹੁੰਦੀ ਸੀ। ਇਸੇ ਮੁਸਕਿਲ ਦੇ ਹੱਲ ਲਈ ਸਟਰੀਟ ਲਾਈਟਾਂ ਲਗਾਉਣ ਵਾਲੀ ਕੰਪਨੀ ਨਾਲ ਹੀ ਇੰਨਾਂ ਲਾਈਟਾਂ ਦੀ 7 ਸਾਲ ਤੱਕ ਦੀ ਸਾਂਭ ਸੰਭਾਲ ਬਾਰੇ ਵੀ ਸਮਝੌਤਾ ਕੀਤਾ ਗਿਆ ਹੈ। ਕਮਿਸ਼ਨ ਨਗਰ ਨਿਗਮ ਨੇ ਦੱਸਿਆ ਕਿ ਹਰੇਕ ਸਟਰੀਟ ਲਾਈਟ ਨੂੰ ਇਕ ਵਿਲੱਖਣ ਪਹਿਚਾਣ ਨੰਬਰ ਦਿੱਤਾ ਜਾਵੇਗਾ ਤਾਂ ਜੋ ਬਾਅਦ ਵਿਚ ਨਿਗਰਾਨੀ ਸਹੀ ਤਰੀਕੇ ਨਾਲ ਹੋ ਸਕੇ। ਸਟਰੀਟ ਲਾਈਟਾਂ ਲਗਾਉਣ ਉਪਰੰਤ ਕੰਪਨੀ ਇਕ ਮੋਬਾਇਲ ਐਪ ਅਤੇ ਸ਼ਿਕਾਇਤ ਨੰਬਰ ਵੀ ਲਾਂਚ ਕਰੇਗੀ ਜਿਸ ਤੇ ਕੋਈ ਵੀ ਸ਼ਹਿਰੀ ਖਰਾਬ ਸਟਰੀਟ ਲਾਈਟ ਦੀ ਸੂਚਨਾ ਇੱਥੇ ਦੇ ਸਕੇਗਾ ਅਤੇ ਦੱਸੇ ਗਏ ਵਿਲੱਖਣ ਨੰਬਰ ਅਨੁਸਾਰ ਕੰਪਨੀ ਦਾ ਪ੍ਰਤਨਿੱਧੀ ਨਿਰਧਾਰਤ ਸਮਾਂ ਹੱਦ ਵਿਚ ਇਹ ਲਾਈਟ ਠੀਕ ਕਰੇਗਾ। ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਪੁਰਾਤਨ ਲਾਈਟਾਂ ਨੂੰ ਐਲਈਡੀ ਲਾਈਟਾਂ ਵਿਚ ਤਬਦੀਲ ਕਰਨ ਨਾਲ ਨਗਰ ਨਿਗਮ ਦੇ ਖਰਚੇ ਵਿਚ ਵੀ ਕਟੌਤੀ ਆਵੇਗੀ ਕਿਉਂਕਿ ਇਨਾਂ ਲਾਈਟਾਂ ਵਿਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਅਤੇ ਇਹ ਵਧੇਰੇ ਰੌਸ਼ਨੀ ਕਰਦੀਆਂ ਹਨ। ਉਨਾਂ ਨੇ ਦੱਸਿਆ ਕਿ ਪਹਿਲਾਂ ਜਿੱਥੇ 250 ਵਾਟ ਦਾ ਬਲਬ ਲਗਿਆ ਹੈ ਉਥੇ 110 ਵਾਟ ਦਾ ਬਲਬ ਲੱਗੇਗਾ। ਇਸੇ ਤਰਾਂ 150 ਵਾਟ ਦੀ ਥਾਂ 70 ਵਾਟ, 70 ਵਾਟ ਦੀ ਥਾਂ 35 ਵਾਟ ਅਤੇ 40 ਤੇ 20 ਵਾਟ ਦੀ ਥਾਂ 18 ਵਾਟ ਦੇ ਬਲਬ ਲੱਗਣਗੇ। ਇਸ ਮੌਕੇ ਕੰਪਨੀ ਦੇ ਪ੍ਰਤੀਨਿਧ ਸ੍ਰੀ ਚੰਦਰ ਸ਼ੇਖਰ, ਸ: ਜਗਸੀਰ ਸਿੰਘ ਵੀ ਹਾਜਰ ਸਨ।
Total Responses : 942