ਅਸ਼ੋਕ ਵਰਮਾ
ਬਠਿੰਡਾ, 6 ਅਗਸਤ 2020 - ਬਠਿੰਡਾ ਦੇ ਤੇਲੀਆਂ ਵਾਲਾ ਮੁਹੱਲਾ ’ਚ ਬੀਤੀ ਦੇਰ ਸ਼ਾਮ ਦੋ ਧਿਰਾਂ ’ਚ ਹੋ ਰਹੀ ਲੜਾਈ ਨੂੰ ਸ਼ਾਂਤ ਕਰਵਾਉਣ ਗਏ ਥਾਣੇਦਾਰ 'ਤੇ ਛੱਡੇ ‘ਪਿੱਟ ਬੁੱਲ’ ਵੱਲੋਂ ਵੱਢੇ ਜਾਣ ਕਾਰਨ ਥਾਣਾ ਕੋਤਵਾਲੀ ਪੁਲਿਸ ਨੇ ਇੱਕ ਔਰਤ ਤੇ ਉਸ ਦੇ ਪਤੀ ਸਮੇਤ ਅੱਧੀ ਦਰਜਨ ਵਿਅਕਤੀਆਂ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ। ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਵਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਮੋਹਨ ਲਾਲ ਪੁੱਤਰ ਵੀਰ ਚੰਦ ਤੇ ਉਸਦੀ ਪਤਨੀ ਸੁਦੇਸ਼ ਰਾਣੀ, ਸੁਮਿਤ,ਸਾਹਿਲ,ਬੰਟੀ ਮਿਸਤਰੀ ਸੀਪਾ ਵਾਸੀਅਨ ਮੁਹੱਲਾ ਭਲੇਰੀਆਂ ਵਾਲਾ ਅਤੇ ਮੁਹੱਲੇ ਦੇ ਕੁੱਝ ਵਿਅਕਤੀਆਂ ਨੂੰ ਧਾਰਾ 353,289,186,148,149 ਤਹਿਤ ਨਾਮਜਦ ਕੀਤਾ ਹੈ।
ਐਫਆਈਆਰ ਨੰਬਰ 141 ਮਿਤੀ 6 ਅਗਸਤ ਅਨੁਸਾਰ ਕੋਤਵਾਲੀ ਪੁਲਿਸ ਨੂੰ ਕਰੀਬ 9:30 ਵਜੇ ਫ਼ੋਨ ’ਤੇ ਸੂਚਨਾ ਮਿਲੀ ਸੀ ਕਿ ਨਾਮਜਦ ਵਿਅਕਤੀ ਮੁਹੱਲਾ ਭਲੇਰੀਆ ਵਾਲਾ ਵਿੱਚ ਉੱਥੋਂ ਦੀਆਂ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੁੱਲੜਬਾਜੀ ਵੀ ਕੀਤੀ ਜਾ ਰਹੀ ਹੈ। ਜਦੋਂ ਉਹ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਤੇ ਪੁਲਿਸ ਪਾਰਟੀ ਨਾਲ ਮੁਹੱਲੇ ’ਚ ਪਹੁੰਚੇ ਤਾਂ ਇਸ ਮੌਕੇ ਮੁਹੱਲੇ ਦੇ ਕੁੱਝ ਲੋਕਾਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਵਰਦੀ ਨੂੰ ਹੱਥ ਪਾਇਆ। ਇਸੇ ਦੌਰਾਨ ਕਿਸੇ ਵਿਅਕਤੀ ਨੇ ਪੁਲਿਸ ਪਾਰਟੀ ਵੱਲ ਕੁੱਤਾ ਛੱਡ ਦਿੱਤਾ ਜਿਸ ਨੇ ਪੁਲਿਸ ਪਾਰਟੀ 'ਤੇ ਹੱਲਾ ਬੋਲ ਦਿੱਤਾ। ਇਸ ਕੁੱਤੇ ਨੇ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਕੱਟ ਲਿਆ ਹੈੈ।
ਉੱਧਰ ਮੁਹੱਲਾ ਭਲੇਰੀਆ ਵਾਲਾ ’ਚ ਵਾਪਰੀ ਇਸ ਘਟਨਾ ਨੂੰ ਅੱਖੀ ਦੇਖਣ ਵਾਲਿਆਂ ਨੇ ਦੱਸਿਆ ਕਿ ਪੁਲਿਸ ਆਮ ਦੀ ਤਰ੍ਹਾਂ ਸਮਝਾ ਹੀ ਰਹੀ ਸੀ ਕਿ ਕੁੱਝ ਲੋਕਾਂ ਨੇ ਪੁਲਿਸ ਮੁਲਾਜਮਾਂ ਅਤੇ ਐਸਐਚਓ ਨਾਲ ਝਗੜਾ ਸ਼ੁਰੂ ਕਰ ਦਿੱਤਾ। ਅਜੇ ਤਕਰਾਰ ਚੱਲ ਹੀ ਰਹੀ ਸੀ ਕਿ ਕਿਸੇ ਵਿਅਕਤੀ ਨੇ ਕੁੱਤੇ ਦੀ ਸੰਗਲੀ ਲਾਹ ਦਿੱਤੀ ਜਿਸ ਕਰਕੇ ਇੱਕ ਵਾਰ ਪੁਲਿਸ ਨੂੰ ਅਜੀਬੋ ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਤਾ ਕਾਫੀ ਖੂੰਖਾਰ ਦਿਖਾਈ ਦੇ ਰਿਹਾ ਸੀ ਜੋ ਕਿ ਖਤਰਨਾਕ ਸਾਬਤ ਹੋ ਸਕਦਾ ਸੀ ਫਿਰ ਵੀ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਹੈ।
ਲੋਕਾਂ ਨੇ ਦੱਸਿਆ ਕਿ ਮੁਲਜ਼ਮ ਝਗੜਾਲੂ ਕਿਸਮ ਦੇ ਲੋਕ ਹਨ ਅਤੇ ਅਕਸਰ ਲੋਕਾਂ ਨਾਲ ਝਗੜਾ ਕਰਦੇ ਰਹਿੰਦੇ ਹਨ। ਐਫਆਈਆਰ ਮੁਤਾਬਕ ਇਸ ਮਾਮਲੇ ’ਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਜਦੋਂ ਕਿ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੁਲਿਸ ਰਾਤ ਵੇਲੇ ਹੀ ਨਾਲ ਲੈ ਗਈ ਸੀ। ਥਾਣਾ ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਦਵਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਤਬੀਅਤ ਖਰਾਬ ਹੈ। ਥਾਣਾ ਕੋਤਵਾਲੀ ਦੇ ਸਬ ਇੰਸਪੈਕਟਰ ਗੁਰਮੀਤ ਸਿੰਘ ਦਾ ਕਹਿਣਾ ਕਿ ਮੁਲਜਮਾਂ ਦੀ ਗ੍ਰਿਫਤਾਰੀ ਦੇ ਯਤਨ ਜਾਰੀ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਰਾਤ ਦਵਾਈ ਵਗੈਰਾ ਦਿਵਾ ਦਿੱਤੀ ਗਈ ਸੀ ਤੇ ਉਹ ਹੁਣ ਸਿਹਤਮੰਦ ਹਨ।