ਮਨਿੰਦਰਜੀਤ ਸਿੱਧੂ
ਜੈਤੋ, 1 ਸਤੰਬਰ 2020 - ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੱਗੇ ਲਾਕਡਾਉਨ ਕਰਕੇ ਸਮਾਜ ਦੇ ਸਾਰੇ ਵਰਗ ਹੀ ਬਹੁਤ ਜਿਆਦਾ ਪ੍ਰਭਾਵਿਤ ਹੋਏ ਹਨ। ਅਰਥਵਿਵਸਥਾ ਬਿਲਕੁਲ ਚਰਮਰਾ ਗਈ ਹੈ। ਆਂਕੜਿਆਂ ਮੁਤਾਬਿਕ ਦੇਸ਼ ਦੀ ਜੀ.ਡੀ.ਪੀ. -23 % ਹੋ ਗਈ ਹੈ। ਕੇਂਦਰ ਸਰਕਾਰ ਦੁਆਰਾ ਦੇਸ਼ ਦੀ ਅਰਥਵਿਵਸਥਾ ਨੂੰ ਪੈਰਾਂ ਸਿਰ ਕਰਨ ਲਈ ਜਿੱਥੇ ਲਾਕਡਾਊਨ ਨੂੰ ਕੁੱਝ ਸ਼ਰਤਾਂ ਤਹਿਤ ਬਿਲਕੁਲ ਖਤਮ ਕਰ ਦਿੱਤਾ ਹੈ।ਇਸੇ ਸਮੇਂ ਪੰਜਾਬ ਸਰਕਾਰ ਦੁਆਰਾ ਇੱਕ ਵਾਰ ਮਿਸ਼ਨ ਫਤਿਹ ਮਨਾਉਣ ਤੋਂ ਬਾਅਦ ਦੁਬਾਰਾ ਸ਼ਨਿੱਚਰਵਾਰ ਅਤੇ ਐਤਵਾਰ ਦੇ ਲਾਕਡਾਊਨ ਲਾਉਣ ਦੇ ਫੈਸਲੇ ਤੋਂ ਦੁਕਾਨਦਾਰ ਅਤੇ ਵਪਾਰੀ ਵਰਗ ਕਾਫੀ ਨਰਾਜ ਹੈ।ਇਸ ਸੰਬੰਧੀ ਜੈਤੋ ਅਤੇ ਇਸਦੇ ਨੇੜਲੇ ਖੇਤਰ ਦੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਜਦ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਇਹ ਗੱਲ ਸਾਹਮਣੇ ਆਈ ਕਿ ਲੋਕ ਸਰਕਾਰ ਦੇ ਇਸ ਫੈਸਲੇ ਤੋਂ ਕਾਫੀ ਨਾਖੁਸ਼ ਹਨ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਿਰਫ ਸ਼ਨੀਵਾਰ ਅਤੇ ਐਤਵਾਰ ਦਾ ਲਾਕਡਾਊਨ ਜਾਰੀ ਰੱਖਣਾ ਅਤੇ ਸ਼ਾਮ 7 ਵਜੇ ਤੋਂ ਸੁਭਾ 5 ਵਜੇ ਤੱਕ ਦਾ ਲਾਕਡਾਊਨ ਲਾਉਣਾ ਕਿਸ ਪੱਖ ਤੋਂ ਜਾਇਜ ਨਹੀਂ।ਕੇਂਦਰ ਸਰਕਾਰ ਨੇ ਸਪੱਸ਼ਟ ਕਹਿ ਦਿੱਤਾ ਕਿ ਕੋਈ ਲਾਕਡਾਊਨ ਨਹੀਂ, ਗੁਆਂਢੀ ਸੂਬੇ ਹਰਿਆਣਾ ਨੇ ਲਾਕਡਾਊਨ ਖਤਮ ਕਰ ਦਿੱਤਾ ਅਤੇ ਇੱਥੋਂ ਤੱਕ ਸਾਡੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਲਾਕਡਾਊਨ ਖਤਮ ਹੋ ਚੁੱਕਾ ਹੈ, ਫਿਰ ਸਿਰਫ ਪੰਜਾਬ ਸਰਕਾਰ ਹੀ ਕਿਉਂ ਅੜੀ ਬੈਠੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਹੀ ਉਹਨਾਂ ਨੇ ਪੂਰਾ ਹਫਤਾ ਵੇਚਣ ਲਈ ਮਾਲ ਖਰੀਦਣ ਜਾਣਾ ਹੁੰਦਾ ਹੈ, ਪਰ ਉਸ ਦਿਨ ਲਾਕਡਾਊਨ ਲੱਗਿਆ ਹੋਣ ਕਰਕੇ ਉਹ ਨਵੇਂ ਮਾਲ ਦੀ ਖਰੀਦੋ ਫਰੋਖਤ ਨਹੀਂ ਕਰ ਪਾਉਂਦੇ।ਇਸ ਤਰ੍ਹਾਂ ਇਹ ਉਹਨਾਂ ਦੇ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ।ਉਹਨਾਂ ਕਿਹਾ ਕਿ ਸਰਕਾਰ ਲੋਕਾਂ ਦੀ ਸੇਵਾ ਲਈ ਹੁੰਦੀ ਹੈ, ਉਸਦਾ ਕਰਤੱਵ ਆਪਣੇ ਲੋਕਾਂ ਦੀ ਭਲਾਈ ਹੁੰਦਾ ਹੈ ਪਰ ਇੱਥੇ ਮਹਾਰਾਜਾ ਸਾਹਿਬ ਦੀ ਸਰਕਾਰ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਨਹੀਂ ਖੋਲ੍ਹਣ ਦਿੰਦੀ ਹੈ ਅਤੇ ਬਾਕੀ ਦਿਨਾਂ ਵਿੱਚ ਦੁਕਾਨਾਂ ਵਿੱਚ ਖੜ੍ਹੇ ਗ੍ਰਾਹਕਾਂ ਦੇ ਮੋਟੇ ਚਲਾਣ ਕਰ ਦਿੱਤੇ ਜਾਂਦੇ ਹਨ। ਕੁੱਝ ਵਪਾਰੀਆਂ ਨੇ ਦੁੱਖੜੇ ਫੋਲਦਿਆਂ ਕਿਹਾ ਕਿ ਇਸ ਔਖੇ ਸਮੇਂ ਦੌਰਾਨ ਸਾਨੂੰ ਦੁਕਾਨਾਂ ਦੇ ਕਿਰਾਏ ਅਤੇ ਖਰਚੇ ਪੂਰੇ ਕਰਨੇ ਬਹੁਤ ਔਖੇ ਹੋਏ ਨਿਰਾਸ਼ ਦੁਕਾਨਦਾਰਾਂ ਨੇ ਸਰਕਾਰ ਦੇ ਫੈਸਲੇ ਉੱਪਰ ਤੰਜ ਕਸਦਿਆਂ ਦੱਬਵੀਂ ਅਵਾਜ ਵਿੱਚ ਇਹ ਵੀ ਸਵਾਲ ਉਠਾਇਆ ਕਿ ਜੋ ਪੰਜਾਬ ਸਰਕਾਰ ਨੇ ਸ਼ਾਮ 7 ਵਜੇ ਤੋਂ ਸੁਭਾ 5 ਵਜੇ ਤੱਕ ਦਾ ਲਾਕਡਾਊਨ ਲਗਾਇਆ ਹੋਇਆ ਹੈ।ਕੀ ਕੋਰੋਨਾ ਵਾਇਰਸ ਰਾਤ ਨੂੰ ਹੀ ਪ੍ਰਭਾਵਿਤ ਕਰਦਾ ਹੈ ਜਾਂ ਉਸਦੇ ਕੋਈ ਬੱਝਵੇਂ ਘੰਟੇ ਜਾਂ ਦਿਨ ਹਨ? ਮੁੱਕਦੀ ਗੱਲ ਸਭ ਦੀ ਇੱਕੋ ਮੰਗ ਹੈ ਕਿ ਅਸੀਂ ਸਰਕਾਰ ਦੀਆਂ ਕੋਰੋਨਾ ਸੰਬੰਧੀ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਸਾਰੀਆਂ ਹਦਾਇਤਾਂ ਮੰਨਣ ਲਈ ਬਿਲਕੁਲ ਰਾਜੀ ਹਾਂ ਪਰ ਕੇਂਦਰ ਸਰਕਾਰ ਦੀ ਤਰਜ ‘ਤੇ ਪੰਜਾਬ ਸਰਕਾਰ ਵੀ ਪੱਕੇ ਤੌਰ ਤੇ ਲਾਕਡਾਊਨ ਖਤਮ ਕਰਕੇ ਸਾਨੂੰ ਕੰਮ ਕਰਨ ਦੀ ਖੁੱਲ੍ਹ ਦੇਵੇ।ਪਏ ਹਨ। ਇੱਕ ਕਾਂਗਰਸੀ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਪਰ ਲੋਕਾਂ ਦੇ ਵਿਰੋਧ ਤੋਂ ਬਚਣ ਲਈ ਕੋਰੋਨਾ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ।